ਪਹਾੜਾਂ ‘ਚ ਬਰਫ਼ਬਾਰੀ ਤੇ ਠੰਡ ਦੇ ਮੀਂਹ ਨੇ ਪੰਜਾਬ ਨੂੰ ਠਾਰ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਉੱਤਰ ਭਾਰਤ ਵਿੱਚ ਠੰਢ ਜ਼ੋਰ ਫੜ ਗਈ ਹੈ, ਕਿਉਂਕਿ ਪਹਾੜਾਂ ਵਿੱਚ ਤਾਜ਼ੀ ਬਰਫ਼ਬਾਰੀ ਤੇ ਮੈਦਾਨਾਂ....

ਸਰਦੀਆਂ ਦਾ ਮੀਂਹ

ਚੰਡੀਗੜ੍ਹ (ਭਾਸ਼ਾ) : ਪੂਰੇ ਉੱਤਰ ਭਾਰਤ ਵਿੱਚ ਠੰਢ ਜ਼ੋਰ ਫੜ ਗਈ ਹੈ, ਕਿਉਂਕਿ ਪਹਾੜਾਂ ਵਿੱਚ ਤਾਜ਼ੀ ਬਰਫ਼ਬਾਰੀ ਤੇ ਮੈਦਾਨਾਂ ਵਿੱਚ ਮੀਂਹ ਪਿਆ ਹੈ, ਜਿਸ ਨਾਲ ਪਾਰਾ ਕਾਫੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਸਮੇਤ ਹਰਿਆਣਾ ਤੇ ਉੱਤਰੀ ਰਾਜਸਥਾਨ ਵਿੱਚ ਚੱਕਰਵਾਤੀ ਪ੍ਰਭਾਵ ਕਰ ਕੇ ਬੀਤੀ ਰਾਤ ਮੀਂਹ ਪਿਆ ਤੇ ਬੁੱਧਵਾਰ ਨੂੰ ਵੀ ਬਾਰਸ਼ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਤੇ ਕਿਸਾਨਾਂ ਤੇ ਸਬਜ਼ੀ ਕਾਸ਼ਤਕਾਰਾਂ ਲਈ ਇਸ ਨੂੰ ਲਾਭਦਾਇਕ ਦੱਸਿਆ ਸੀ। ਇਸ ਮੀਂਹ ਕਾਰਨ ਕਣਕ ਦੀ ਫ਼ਸਲ ਲਈ ਲੋੜੀਂਦਾ ਘੱਟ ਤਾਪਮਾਨ ਵੀ ਬਣ ਗਿਆ ਹੈ ਤੇ ਸਰਦੀ ਵੀ ਵਧ ਜਾਵੇਗੀ। ਮੱਠੀ ਰਫ਼ਤਾਰ ਨਾਲ ਪਏ ਮੀਂਹ ਕਾਰਨ ਕਿਸਾਨ ਵੀ ਖ਼ੁਸ਼ ਹਨ।

ਚੰਡੀਗੜ੍ਹ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਬੀਤੀ ਦੇਰ ਰਾਤ ਕਣੀਆਂ ਪਈਆਂ ਜਦਕਿ ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ, ਸੰਗਰੂਰ ਤੇ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੇ ਆਸਾਰ ਹਨ।