ਤੇਜ਼ ਮੀਂਹ ਨੇ ਨਿਗਮ ਦੀ ਖੋਲ੍ਹੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਪਏ ਲਗਾਤਾਰ ਤੇਜ਼ ਮੀਂਹ ਕਾਰਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ................

Vehicles passing through the Rainy water

ਐਸ ਏ ਐਸ ਨਗਰ : ਸ਼ਹਿਰ ਵਿਚ ਪਏ ਲਗਾਤਾਰ ਤੇਜ਼ ਮੀਂਹ ਕਾਰਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਤੇਜ਼ ਮੀਂਹ ਕਾਰਨ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਗਈ। ਜਿਥੇ ਸ਼ਹਿਰ ਦੇ ਵੱਖ-ਵੱਖ ਫ਼ੇਜਾਂ ਅਤੇ ਸੈਕਟਰਾਂ ਵਿਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪਿਆ ਉਥੇ ਸ਼ਹਿਰ ਵਿਚ ਬੁਨਿਆਦੀ ਢਾਂਚਾ ਬਰਕਰਾਰ ਰੱਖਣ ਵਾਲਾ ਵਿਭਾਗ ਗਮਾਡਾ ਖ਼ੁਦ ਪਾਣੀ ਦੀ ਸਮੱਸਿਆ ਵਿਚ ਫਸਿਆ ਰਿਹਾ।

ਗਮਾਡਾ ਦੀ ਪਾਰਕਿੰਗ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਇਥੇ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਅਪਣੀਆਂ ਗੱਡੀਆਂ ਖੜਾਉਣ ਵਿਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਗਮਾਡਾ ਦੇ ਅਧਿਕਾਰੀਆਂ ਨੂੰ ਜਦੋਂ ਪਾਰਕਿੰਗ ਵਿਚ ਪਾਣੀ ਖੜ ਜਾਣ ਬਾਰੇ ਪੁਛਿਆ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿਤਾ।
ਫੇਜ਼ 3 ਬੀ 2 ਵਿਚ ਇਕੱਠੇ ਹੋਏ ਪਾਣੀ ਨੂੰ ਪੰਪ ਚਲਾ ਕੇ ਬਾਹਰ ਕਢਣਾ ਪਿਆ ਉੱਥੇ ਫ਼ੇਜ਼ 4 ਦੇ ਕਵਾਟਰਾਂ ਵਿਚ ਦਾਖ਼ਲ ਹੋਣ ਵਾਲੇ ਪਾਣੀ ਨੂੰ ਕਢਵਾਉਣ ਲਈ ਫ਼ਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ।

ਹਾਲਾਂਕਿ ਇਸ ਬਰਸਾਤ ਦੌਰਾਨ ਪਿਛਲੇ ਸਾਲ ਵਾਂਗ ਨੁਕਸਾਨ ਤਾਂ ਨਹੀਂ ਹੋਇਆ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋਣ ਕਾਰਨ ਇਹ ਪਾਣੀ ਦੋ ਕੁ ਘੰਟਿਆਂ 'ਚ ਅੱਗੇ ਨਿਕਲ ਗਿਆ ਪਰ ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ। ਮਿਉਂਸਪਲ ਕੌਂਸਲਰ ਕੁਲਦੀਪ ਕੌਰ ਕੰਗ ਅਨੁਸਾਰ ਫ਼ੇਜ਼ 4 ਵਿਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਐਚ ਐਮ ਕਵਾਟਰਾਂ ਵਿਚ ਦਾਖ਼ਲ ਹੋ ਰਹੇ ਪਾਣੀ ਨੂੰ ਕੱਢਣ ਲਈ ਫ਼ਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ, ਜਿਸ ਵਲੋਂ ਪਾਣੀ ਕਢਿਆ ਗਿਆ।

ਕੌਂਸਲਰ ਅਸ਼ੋਕ ਝਾਅ ਅਨੁਸਾਰ ਇਸ ਵਾਰ ਫ਼ੇਜ਼ 5 ਵਿਚ ਪਾਣੀ ਦੀ ਨਿਕਾਸੀ ਦਾ ਬਿਹਤਰ ਪ੍ਰਬੰਧ ਹੋਣ ਅਤੇ ਜੇ.ਸੀ.ਟੀ. ਚੌਕ ਨੇੜੇ ਕਾਜਵੇ ਚਲਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਹੋ ਗਈ ਤੇ ਲੋਕਾਂ ਦਾ ਨੁਕਸਾਨ ਤੋਂ ਬਚਾਉ ਹੋ ਗਿਆ। ਫੇਜ਼ 3 ਬੀ 2 ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਵਾਰ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਤੇ ਜਦੋਂ ਪਾਣੀ ਜ਼ਿਆਦਾ ਭਰਦਾ ਦਿਸਿਆ ਤਾਂ ਪੰਪ ਚਲਾ ਕੇ ਪਾਣੀ ਦੀ ਨਿਕਾਸੀ ਕਰ ਦਿਤੀ ਗਈ।

ਬਰਸਾਤ ਰੁਕਣ ਦੇ ਲਗਭਗ ਇਕ ਘੰਟੇ ਬਾਅਦ ਵੀ ਫ਼ੇਜ਼ -11 ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਸੀ ਜਦਕਿ ਸ਼ਹਿਰ ਦੇ ਬਾਕੀ ਖੇਤਰਾਂ ਵਿਚੋਂ ਪਾਣੀ ਦੀ ਨਿਕਾਸੀ ਹੋ ਜਾਣ ਉਪਰੰਤ ਲੋਕਾਂ ਨੂੰ ਇਸ ਕਾਰਨ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੀ।