ਛੁੱਟੀ ਖਤਮ ਹੋਣ ਤੋਂ 2 ਦਿਨ ਪਹਿਲਾਂ ਡਿਊਟੀ ਉਤੇ ਪਰਤਿਆ, ਜਾਂਦੇ ਹੀ ਹੋ ਗਿਆ ਸ਼ਹੀਦ
ਅਰੁਣਾਚਲ ਪ੍ਰਦੇਸ਼ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਨਾਇਕ ਸੁਖਚੈਨ ਸਿੰਘ.....
ਫਾਜਿਲਕਾ (ਭਾਸ਼ਾ): ਅਰੁਣਾਚਲ ਪ੍ਰਦੇਸ਼ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਨਾਇਕ ਸੁਖਚੈਨ ਸਿੰਘ ਦਾ ਸੋਮਵਾਰ ਸ਼ਾਮ ਨੂੰ ਫਾਜਿਲਕਾ ਦੇ ਪਿੰਡ ਇਸਲਾਮਵਾਲਾ ਵਿਚ ਰਾਜ ਦੇ ਸਨਮਾਨ ਨਾਲ ਅੰਤਮ ਸੰਸਕਾਰ ਕਰ ਦਿਤਾ ਗਿਆ। ਸੁਖਚੈਨ ਸਿੰਘ ਅਪਣੇ ਪਿਛੇ ਦਾਦਾ-ਦਾਦੀ, ਮਾਤਾ-ਪਿਤਾ, ਭੈਣ ਅਤੇ ਪਤਨੀ ਤੋਂ ਇਲਾਵਾ 3 ਸਾਲ ਦੀ ਧੀ ਅਤੇ 8 ਮਹੀਨੇ ਦਾ ਪੁੱਤਰ ਛੱਡ ਗਿਆ। ਅਪਣੇ ਬੇਟੇ ਨੂੰ ਵੀ ਉਸ ਨੇ ਇਨ੍ਹਾਂ ਛੁੱਟੀਆਂ ਵਿਚ ਪਹਿਲੀ ਵਾਰ ਹੀ ਦੇਖਿਆ ਸੀ, ਉਥੇ ਹੀ 45 ਦਿਨ ਦੀ ਛੁੱਟੀ ਪੂਰੀ ਹੋਣ ਤੋਂ ਦੋ ਦਿਨ ਪਹਿਲਾਂ ਵਾਪਸ ਡਿਊਟੀ ਉਤੇ ਪਰਤਦੇ ਹੀ ਸ਼ਹਾਦਤ ਦੀ ਖਬਰ ਆਈ।
ਅੱਜ ਪਿਤਾ ਧਰਮਜੀਤ ਪੁੱਤਰ ਸੁਖਚੈਨ ਸਿੰਘ ਦੇ ਮ੍ਰਿਤਕ ਸ਼ਰੀਰ ਨੂੰ ਮੋਢਾ ਦਿੰਦੇ ਹੋਏ ਭਾਵੁਕ ਹੋ ਗਏ। ਇਸ ਦੌਰਾਨ ਬ੍ਰਿਗੇਡੀਅਰ ਗੌਰਵ ਸ਼ਰਮਾ ਨੇ ਕਿਹਾ ਕਿ ਸ਼ਹੀਦ ਨਾਇਕ ਸੁਖਚੈਨ ਸਿੰਘ ਦੀ ਸ਼ਹਾਦਤ ਉਤੇ ਫੌਜ ਨੂੰ ਮਾਣ ਹੈ। ਫੌਜ ਹਰ ਕਦਮ ਸ਼ਹੀਦ ਦੇ ਪਰਵਾਰ ਦੇ ਨਾਲ ਖੜੀ ਹੈ। ਇਸ ਦੌਰਾਨ ਜਿਲ੍ਹਾਂ ਪ੍ਰਸ਼ਾਸਨ ਦੇ ਵਲੋਂ ਵੀ ਪਰਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ। ਦੱਸ ਦਈਏ ਕਿ ਸੁਖਚੈਨ ਸਿੰਘ ਦਾ ਜਨਮ 28 ਸਾਲ ਪਹਿਲਾਂ ਫਾਜਿਲਕਾ ਦੇ ਪਿੰਡ ਇਸਲਾਮਵਾਲਾ ਵਿਚ ਛੋਟੇ ਜਿਹੇ ਕਿਸਾਨ ਧਰਮਜੀਤ ਦੇ ਘਰ ਹੋਇਆ ਸੀ। ਉਹ ਸਾਲ 2009 ਵਿਚ ਫੌਜ ‘ਚ ਭਰਤੀ ਹੋਇਆ।
ਫੌਜ ਦੀ ਟ੍ਰੇਨਿੰਗ ਵਿਚ ਪੁਣੇ ‘ਚ ਉਹ ਅੱਵਲ ਰਿਹਾ ਸੀ। 4 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਐਤਵਾਰ ਨੂੰ ਉਹ ਨਕਸਲੀਆਂ ਦੇ ਹਮਲੇ ਵਿਚ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ । ਸੁਖਚੈਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਸੋਮਵਾਰ ਦੁਪਹਿਰ ਪਿੰਡ ਲਿਆਇਆ ਗਿਆ। ਫਿਰ ਦੁਪਹਿਰ ਵਿਚ ਰਾਜ ਦੇ ਸਨਮਾਨ ਨਾਲ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਮੁਖਚੈਨ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ।