ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਵਿਸ਼ਵ ਦੇ ਪਹਿਲੇ ਦਸ ਮਹਾਨ ਆਗੂਆਂ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀ ਬੀ ਸੀ ਦੇ 'ਹਿਸਟਰੀ' ਮੈਗਜ਼ੀਨ ਦੀ ਰੀਪੋਰਟ

Maharaja Ranjit Singh

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ 'ਚ ਸ਼ਾਮਲ ਹੋਇਆ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਭਾਵ ਬੀਬੀਸੀ ਦੇ 'ਹਿਸਟਰੀ' ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ ਮਹਾਨ ਆਗੂਆਂ 'ਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਵੀ ਪਹਿਲੀਆਂ 10 ਸ਼ਖ਼ਸੀਅਤਾਂ 'ਚ ਸ਼ੁਮਾਰ ਕੀਤਾ ਹੈ। ਪੰਜਾਬ ਲਈ ਯਕੀਨੀ ਤੌਰ ਉਤੇ ਇਹ ਮਾਣ ਵਾਲੀ ਗੱਲ ਹੈ।

ਇਸ ਖੋਜ ਦਾ ਆਧਾਰ ਸ਼ਾਸਕਾਂ ਦੀ ਕਾਰਜ-ਸ਼ੈਲੀ, ਜੰਗੀ-ਮੁਹਾਰਤ, ਲੋਕ-ਨੀਤੀਆਂ, ਫ਼ੌਜੀ ਆਧੁਨਿਕੀਕਰਨ, ਆਰਥਕ ਅਤੇ ਵਪਾਰਕ ਨੀਤੀਆਂ ਨੂੰ ਬਣਾਇਆ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਆਪਸ ਵਿਚ ਝਗੜਦੇ ਰਹਿਣ ਵਾਲੇ ਰਜਵਾੜਿਆਂ ਨੂੰ ਜਿੱਤ ਕੇ ਇਕ ਸ਼ਾਨਦਾਰ ਤੇ ਪੂਰਨ ਸੈਕੂਲਰ ਰਾਜ ਕਾਇਮ ਕੀਤਾ। ਕਿਸੇ ਨੂੰ ਧਰਮ ਬਦਲਣ ਲਈ ਨਹੀਂ ਕਿਹਾ, ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿਤੀ।

ਮਹਾਰਾਜੇ ਦੀਆਂ ਪ੍ਰਾਪਤੀਆਂ ਇਸ ਤੋਂ ਕਿਤੇ ਜ਼ਿਆਦਾ ਹਨ। ਜਦੋਂ ਉਸ ਨੇ ਰਾਜਨੀਤੀ ਵਿਚ ਪੈਰ ਧਰਿਆ, ਪੰਜਾਬ ਪੰਜ ਪਾਸਿਆਂ ਤੋਂ ਵੈਰੀਆਂ ਨਾਲ ਘਿਰਿਆ ਹੋਇਆ ਸੀ। ਪੂਰੇ ਚਾਲੀ ਵਰ੍ਹੇ ਉਸ ਨੇ ਕਿਸੇ ਨੂੰ ਵੀ ਪੰਜਾਬ ਵਲ ਝਾਕਣ ਨਹੀਂ ਦਿਤਾ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਪੰਜਾਬੀ ਸਲਤਨਤ ਗਈ, ਅੱਜ ਤਕ ਨਹੀਂ ਮਿਲੀ।  ਅੰਗਰੇਜ਼ਾਂ ਨੇ ਤਾਂ ਜੋ ਕੀਤਾ ਉਹ ਕੀਤਾ ਹੀ, ਭਾਰਤੀ ਸ਼ਾਸਕਾਂ ਨੇ ਵੀ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਭਾਰਤ ਦੇ ਇਤਿਹਾਸ ਵਿਚ ਮਹਾਰਾਜੇ ਦੀ ਮਹੱਤਤਾ ਦਾ ਕੋਈ ਜ਼ਿਕਰ ਨਹੀਂ।

ਪੰਜਾਬੀਆਂ ਨੇ ਵੀ ਮਹਾਰਾਜੇ ਦੀ ਕੋਈ ਸਾਰ ਨਹੀਂ ਲਈ। ਸਾਡੇ ਇਤਿਹਾਸਕਾਰਾਂ ਨੇ ਵੀ ਅੰਗਰੇਜ਼ਾਂ ਦੇ ਪਿਛੇ ਲੱਗ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਐਸ਼ਪ੍ਰਸਤ ਰਾਜਾ ਕਹਿ ਕੇ ਪ੍ਰਚਾਰਿਆ ਜੋ ਕਿ ਬੜੀ ਹੀ ਸ਼ਰਮ ਵਾਲੀ ਗੱਲ ਹੈ। ਹੁਣ ਬੀਬੀਸੀ ਨੇ ਸਾਨੂੰ ਸਾਡੇ ਇਤਿਹਾਸ ਬਾਰੇ ਉਹ ਦਸਿਆ ਹੈ, ਜੋ ਅਸਲ ਵਿਚ ਸਾਨੂੰ ਸਾਰੇ ਸੰਸਾਰ ਨੂੰ ਆਪ ਦਸਣਾ ਚਾਹੀਦਾ ਸੀ।

ਇਸ ਰਿਪੋਰਟ ਅਨੁਸਾਰ ਮਹਾਰਾਜਾ ਇਕੋ-ਇਕ ਅਜਿਹਾ ਰਾਜਾ ਸੀ ਜਿਸ ਤੋਂ ਅੰਗਰੇਜ਼ ਡਰਦੇ ਸਨ, ਨਹੀਂ ਤਾਂ ਅੰਗਰੇਜ਼ ਕਿਸੇ ਰਾਜੇ ਨਾਲ ਦੋਸਤੀ ਵੀ ਨਹੀਂ ਰਖਦੇ ਸਨ। ਮਹਾਰਾਜਾ ਜਿੰਨਾ ਚਿਰ ਜ਼ਿੰਦਾ ਰਿਹਾ, ਉਹ ਪੂਰੀ ਇੱਜ਼ਤ ਤੇ ਸਨਮਾਨ ਨਾਲ ਰਿਹਾ ਪਰ ਬਦਕਿਸਮਤੀ ਇਹ ਰਹੀ ਕਿ ਅਪਣਿਆਂ ਨੇ ਹੀ ਉਸ ਦੀ ਬਣਾਈ ਸਲਤਨਤ ਨੂੰ ਢਹਿ ਢੇਰੀ ਕਰਵਾ ਦਿਤਾ।