ਇਕੱਲੇ ਕਿਸਾਨਾਂ ਲਈ ਨਹੀਂ, ਸਾਰੇ ਵਰਗਾਂ ਲਈ ਬਹੁਤ ਖਤਰਨਾਕ ਹਨ ਕਾਲੇ ਕਾਨੂੰਨ - ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਵੱਲੋਂ ਲੋਹੜੀ ਮੌਕੇ ਲੁਧਿਆਣਾ 'ਚ ਕਿਸਾਨ ਸ਼ਹੀਦਾਂ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ

Aam Aadmi Party Celebrate Lohri

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਲੋਹੜੀ ਮੌਕੇ ਲੁਧਿਆਣਾ ਵਿੱਚ ਸੂਬਾ ਪੱਧਰੀ ਸਮਾਗਮ ਕਰਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਲੋਹੜੀ ਸਮਾਗਮ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਮੋਨ ਧਾਰਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਇਸ ਮੌਕੇ ਭਗਵੰਤ ਮਾਨ ਨੇ ਬੋਲਦੇ ਹੋਏ ਕਿਹਾ ਕਿ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਇਹ ਕਾਲੇ ਕਾਨੂੰਨ ਆੜਤੀਆਂ, ਛੋਟ ਵਪਾਰੀਆਂ, ਮਜ਼ਦੂਰਾਂ, ਮੁਲਾਜ਼ਮਾਂ ਸਮੇਤ ਹਰ ਵਰਗ ਲਈ ਬਹੁਤ ਹੀ ਖਤਰਨਾਕ ਹਨ। ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਵਿੱਚ ਦੇਸ਼ ਦਾ ਹਰ ਨਾਗਰਿਕ ਆਪਣੇ-ਆਪਣੇ ਵਿੱਤ ਮੁਤਾਬਕ ਸਹਿਯੋਗ ਪਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਾਰੀ-ਵਾਰੀ ਸੱਤਾ ਵਿੱਚ ਰਹਿਣ ਵਾਲੀਆਂ ਪਾਰਟੀਆਂ ਦੇ ਆਗੂਆਂ ਨੇ ਕੁਰਸੀ ਲਈ ਲੋਕਾਂ ਵਿੱਚ ਫਿਰਕੂ, ਵਰਗਾਂ ਦੇ ਅਧਾਰ ਉੱਤੇ ਫੁੱਟ ਪਾਈ ਰੱਖੀ। ਪ੍ਰੰਤੂ ਹੁਣ ਲੋਕ ਵੰਡਣ ਵਾਲੇ ਆਗੂਆਂ ਦੀਆਂ ਸਾਜਿਸ਼ਾਂ ਨੂੰ ਸਮਝ ਗਏ ਹਨ। ਲੋਕ ਇਕੱਠੇ ਹੋ ਕੇ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ।

ਕਿਸਾਨ ਅੰਦੋਲਨ ਨੂੰ ਕੇਂਦਰ ਦੀਆਂ ਸੱਤਾਧਾਰੀਆਂ ਪਾਰਟੀਆਂ ਵੱਲੋਂ ਸਿਰਫ ਪੰਜਾਬ ਦਾ ਅੰਦੋਲਨ ਕਹਿਣ ਉੱਤੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਾਂਝਾ ਪੰਜਾਬ ਹੁੰਦਿਆਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਆਜ਼ਾਦੀ ਦੇ ਘੋਲ ਦੀ ਅਗਵਾਈ ਪੰਜਾਬ ਨੇ ਕੀਤੀ, ਆਜ਼ਾਦੀ ਸਾਰੇ ਦੇਸ਼ ਨੂੰ ਮਿਲੀ। ਇਸੇ ਤਰ੍ਹਾਂ ਹੀ ਹੁਣ ਇਸ ਅੰਦੋਲਨ ਦੀ ਅਗਵਾਈ ਪੰਜਾਬ ਤੇ ਹਰਿਆਣਾ ਕਰ ਰਹੇ ਹਨ, ਫਾਇਦਾ ਸਾਰੇ ਦੇਸ਼ ਨੂੰ ਹੀ ਹੋਵੇਗਾ।

 ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੜਕਾਂ ਉੱਤੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ, ਪ੍ਰੰਤੂ ਲੋਕਤੰਤਰਿਕ ਢੰਗ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੌਣ ਵਿੱਚ ਅਕੜ ਵਾਲਾ ਸਰੀਆ ਅੜ੍ਹਿਆ ਹੋਇਆ ਹੈ। ਉਹ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸ਼ੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੁੱਤਾ ਵੀ ਮਰ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਅਫਸੋਸ ਪ੍ਰਗਟਾਉਣ ਲਈ ਟਵੀਟ ਕਰਦੇ ਹਨ, ਸਾਡੇ ਦੇਸ਼ ਦੇ 65 ਤੋਂ ਵੱਧ ਅੰਨਦਾਤਾ ਦੀ ਮੌਤ ਹੋ ਚੁੱਕੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਇਕ ਸ਼ਬਦ ਨਹੀਂ ਬੋਲਿਆ।

ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਕਾਲੇ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਨਹੀਂ ਗਏ, ਕੇਂਦਰ ਸਰਕਾਰ ਨੇ ਆਪਣੇ ਚਹੇਤਿਆਂ ਕੋਲੋਂ ਸੁਪਰੀਮ ਕੋਰਟ ਵਿੱਚ ਰਿੱਟ ਪੁਆ ਦਿੱਤੀ। ਆਪਣੀ ਮਰਜ਼ੀ ਦੀ ਕਮੇਟੀ ਬਣਵਾ ਦਿੱਤੀ। ਉਨ੍ਹਾਂ ਕਿਹਾ ਕਿ ਅਦਾਲਤਾਂ ਦੀ ਨਿਰਪੱਖਤਾ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੇਖਿਆ ਜਾਵੇ ਕਿ ਮੋਦੀ-ਸ਼ਾਹ ਨਾਲ ਸਬੰਧਤ ਕੇਸ਼ਾਂ ਦੇ ਜਿਨ੍ਹਾਂ ਜੱਜਾਂ ਨੇ ਹੱਕ ਵਿੱਚ ਫੈਸਲ ਸੁਣਾਏ ਅੱਜ ਕੋਈ ਗਵਰਨਰ ਲੱਗਿਆ ਅਤੇ ਕੋਈ ਹੋਰ ਅਹੁੱਦੇ ਉੱਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਕਦੇ ਕਮੇਟੀ ਬਣਾਉਣ ਦੀ ਮੰਗ ਨਹੀਂ ਕੀਤੀ ਸੀ, ਕਿਸਾਨਾਂ ਨੂੰ ਕਾਲੇ ਕਾਨੂੰਨਾਂ ਦੇ ਵਾਂਗ ਹੀ ਧੱਕੇ ਨਾਲ ਕਮੇਟੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਆਪਣੇ ਹੱਕ ਲਈ ਲੜ ਰਹੇ ਅੰਨਦਾਤਾ ਨੂੰ ਕੇਂਦਰ ਦੇ ਮੰਤਰੀ ਤੇ ਭਾਜਪਾ ਆਗੂ ਦੇਸ਼ਧ੍ਰੋਹੀ, ਅੱਤਵਾਦੀ, ਪਾਕਿਸਤਾਨੀ-ਚੀਨੀ ਏਜੰਟ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹ ਤਰੀਕੇ ਨਾਲ ਦੇਸ਼ ਨੂੰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਤੋਂ ਪਹਿਲਾਂ 'ਸਭ ਦਾ ਸਾਥ, ਸਭ ਦਾ ਵਿਕਾਸ' ਦਾ ਨਾਅਰਾ ਦਿੱਤਾ ਸੀ, ਪ੍ਰੰਤੂ ਹੁਣ 'ਹਮ ਦੋ (ਮੋਦੀ-ਸ਼ਾਹੀ), ਹਮਾਰੇ ਦੋ (ਅੰਬਾਨੀ-ਅੰਡਾਨੀ)' ਦੀ ਨੀਤੀ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਮਨ ਦੀ ਗੱਲ ਸੁਣਦੇ ਹੋਏ ਲੋਕਾਂ ਨੇ ਦੋ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ, ਹੁਣ ਪ੍ਰਧਾਨ ਮੰਤਰੀ ਮੋਦੀ ਲੋਕਾਂ ਦੇ ਮਨ ਦੀ ਗੱਲ ਸੁਣਨ।

ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਲੇ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇ ਅੰਦੋਲਨ ਵਿੱਚ ਆਮ ਆਦਮੀ ਪਾਰਟੀ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ। ਦਿੱਲੀ ਦੀ ਸਰਹੱਦ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਹਰ ਸੰਭਵ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਿੰਡ-ਪਿੰਡ, ਗਲੀ, ਮੁਹੱਲੇ ਵਿੱਚ ਲੋਹੜੀ ਦੀ ਅੱਗ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ ਅਤੇ ਕਿਸਾਨ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾ ਰਹੀ ਹੈ।