ਪੰਜਾਬ 'ਚ ਜਲਦ ਹੋਵੇਗੀ ਤੀਜੇ ਬਦਲ ਦੀ ਸਥਾਪਨਾ, ਪਰਮਿੰਦਰ ਢੀਂਡਸਾ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੇ ਵੋਟਰਾਂ ਨੇ ਕੰਮਾਂ ਦਾ ਮੁੱਲ ਮੋੜਦੇ ਹੋਏ 'ਆਪ' ਸਰਕਾਰ ਦੀ ਚੋਣ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦਾ ਵੋਟਰ ਕੇਂਦਰ 'ਚ ਭਾਜਪਾ ਸਰਕਾਰ ਅਤੇ ਸੂਬਿਆਂ ਵਿਚ

File Photo

ਚੰਡੀਗੜ੍ਹ- ਦਿੱਲੀ ਦੇ ਵੋਟਰਾਂ ਨੇ ਕੰਮਾਂ ਦਾ ਮੁੱਲ ਮੋੜਦੇ ਹੋਏ 'ਆਪ' ਸਰਕਾਰ ਦੀ ਚੋਣ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦਾ ਵੋਟਰ ਕੇਂਦਰ 'ਚ ਭਾਜਪਾ ਸਰਕਾਰ ਅਤੇ ਸੂਬਿਆਂ ਵਿਚ ਲੋਕਾਂ ਲਈ ਕੰਮ ਕਰਨ ਵਾਲੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਅੰਦਰ ਤੀਜਾ ਬਦਲ ਆਵੇਗਾ ਕਿਉਂਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਦਿਨੋ-ਦਿਨ ਬੇਰੁਜ਼ਗਾਰੀ ਵਧ ਰਹੀ ਹੈ, ਆਮ ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ

ਅਤੇ ਲੋੜਵੰਦਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਮਿਲ ਰਹੀਆਂ।''ਮੀਡੀਆ ਨਾਲ ਗੱਲਬਾਤ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚ ਲੋਕ ਕੰਮ ਕਰਨ ਵਾਲੀ ਧਿਰ ਦੇ ਸਾਫ-ਸੁਥਰੀ ਦਿੱਖ ਵਾਲੇ ਆਗੂਆਂ ਨੂੰ ਅੱਗੇ ਲਿਆ ਕੇ ਪੰਜਾਬ ਦਾ ਵਿਕਾਸ ਚਾਹੁੰਦੇ ਹਨ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੇ ਪੰਜਾਬ ਅੰਦਰ ਗੱਲਬਾਤ ਚੱਲ ਰਹੀ ਹੈ ਜਲਦ ਪੰਜਾਬ 'ਚ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਵਾਲੇ ਆਗੂਆਂ ਨਾਲ ਮਿਲ ਕੇ ਤੀਜੇ ਬਦਲ ਦੀ ਸਥਾਪਨਾ ਕੀਤੀ ਜਾਵੇਗੀ।

ਉਨ੍ਹਾਂ 23 ਫਰਵਰੀ ਨੂੰ ਸੰਗਰੂਰ ਅਨਾਜ ਮੰਡੀ ਵਿਚ ਰੱਖੀ ਰੈਲੀ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਰੈਲੀ ਦਾ ਇਕੱਠ ਸਾਰੇ ਰਿਕਾਰਡ ਤੋੜ ਕੇ ਰੱਖ ਦੇਵੇਗਾ ਅਤੇ ਬਾਦਲਾਂ ਨੂੰ ਲੋਕ ਦੱਸ ਦੇਣਗੇ ਕਿ ਉਹ ਕਿਸ ਨਾਲ ਖੜ੍ਹੇ ਹਨ। ਢੀਂਡਸਾ ਨੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਸੰਗਰੂਰ ਦੀ ਰੈਲੀ ਸਿਰਫ ਜ਼ਿਲ੍ਹਾ ਪੱਧਰ ਦੇ ਆਗੂਆਂ ਅਤੇ ਵਰਕਰਾਂ ਦੀ ਰੈਲੀ ਹੋਵੇਗੀ ਅਤੇ ਯੂਥ ਵਿੰਗ ਇਸ ਰੈਲੀ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗਾ।

ਇਸ ਸਮੇਂ ਰਜਿੰਦਰ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਆਦਿ ਹਾਜ਼ਰ ਸਨ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਤੋਂ ਬਾਗੀ ਹੋਏ ਪਿਓ-ਪੁੱਤਰ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ 'ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਨਾਲ ਹੀ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਅਤੇ ਪਾਕਿਸਤਾਨ ਵਿਚ ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਦਾ ਫ਼ੈਸਲਾ ਲਿਆ ਸੀ। 

ਚੰਡੀਗੜ੍ਹ ਵਿਖੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪਾਰਟੀ ਵਿਰੁੱਧ ਬਗਾਵਤ 'ਤੇ ਉਤਰੇ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਦੋਵਾਂ ਪਿਓ-ਪੁੱਤਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਸਪੱਸ਼ਟੀਕਰਨ ਦੇਣ ਲਈ 2 ਹਫ਼ਤੇ ਦਾ ਸਮਾਂ ਦਿੱਤਾ ਸੀ। ਅਕਾਲੀ ਦਲ ਨੇ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਬਿਜਲੀ ਦੀ ਦਰਾਂ ਨੂੰ ਲੈ ਕੇ 15 ਜਨਵਰੀ ਨੂੰ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਇਕ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਸੀ।