ਪਰਾਲੀ ਦੇ ਪੱਕੇ ਹੱਲ ਦੀ ਜਾਗੀ ਉਮੀਦ : ਪੰਜਾਬ 'ਚ ਕੰਪ੍ਰੈਸਡ ਬਾਇਓਗੈਸ ਬਣਾਉਣ ਦੇ ਲੱਗਣਗੇ 20 ਯੂਨਿਟ!

ਏਜੰਸੀ

ਖ਼ਬਰਾਂ, ਪੰਜਾਬ

ਜਰਮਨੀ ਦੀ ਕੰਪਨੀ ਵਲੋਂ ਲਾਏ ਜਾਣਗੇ ਇਹ ਯੂਨਿਟ

file photo

ਜਲੰਧਰ : ਪੰਜਾਬ ਅੰਦਰ ਵੱਡੀ ਮਿਕਦਾਰ 'ਚ ਪੈਦਾ ਹੁੰਦੀ ਝੋਨੇ ਦੀ ਪਰਾਲੀ ਕਿਸਾਨਾਂ ਦੇ ਨਾਲ-ਨਾਲ ਸਰਕਾਰਾਂ ਲਈ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ। ਜੇਕਰ ਕਿਸਾਨ ਇਸ ਨੂੰ ਜ਼ਮੀਨ ਵਿਚ ਹੀ ਖਪਾਉਂਦੇ ਹਨ ਤਾਂ ਉਨ੍ਹਾਂ ਦੇ ਖ਼ਰਚੇ ਪੂਰੇ ਨਹੀਂ ਹੁੰਦੇ। ਇਸੇ ਤਰ੍ਹਾਂ ਇਸ ਨੂੰ ਅੱਗ ਦੇ ਹਵਾਲੇ ਕਰਨ ਦੀ ਸੂਰਤ ਵਿਚ ਵਾਤਾਵਰਣ ਦੇ ਹੁੰਦੇ ਨੁਕਸਾਨ ਦਾ ਡਰ ਪੈਦਾ ਹੋ ਜਾਂਦਾ ਹੈ। ਇਸ ਦੇ ਹੱਲ ਲਈ ਸਰਕਾਰਾਂ ਦੇ ਨਾਲ-ਨਾਲ ਵੱਡੀ ਗਿਣਤੀ 'ਚ ਇੰਜੀਨੀਅਰ ਅਤੇ ਕੰਪਨੀਆਂ ਸਰਗਰਮ ਹਨ।

ਹੁਣ ਇਸ ਦੇ ਪੱਕੇ ਹੱਲ ਦੀ ਉਮੀਦ ਬੱਝਣੀ ਸ਼ੁਰੂ ਹੋ ਗਈ ਹੈ।  ਜਰਮਨੀ ਦੀ ਇਕ ਕੰਪਨੀ ਨੇ ਪਰਾਲੀ ਦੇ ਪੱਕੇ ਹੱਲ ਲਈ ਅਪਣਾ ਹੱਥ ਵਧਾਇਆ ਹੈ। ਇਸ ਕੰਪਨੀ ਨੇ ਸੰਗਰੂਰ ਵਿਖੇ ਅਪਣਾ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ ਜਿੱਥੇ ਪਰਾਲੀ ਤੋਂ ਕੰਪ੍ਰੈਸਡ ਬਾਇਓਗੈਸ ਤਿਆਰ ਕੀਤੀ ਜਾਵੇਗੀ।

ਇਸ ਗੈਸ ਦੀ ਵਰਤੋਂ ਸੀਐਨਜੀ ਗੱਡੀਆਂ 'ਚ ਬਾਲਣ ਵਜੋਂ ਕੀਤੀ ਜਾਵੇਗੀ। ਇੰਡੀਅਨ ਆਇਲ ਵਲੋਂ ਇਸ ਬਾਇਓਗੈਸ ਦੀ ਵਿਕਰੀ ਅਪਣੇ ਰਿਟੇਲ ਆਊਟਲੈੱਟਸ 'ਤੇ ਕਰਨ ਦੀ ਯੋਜਨਾ ਹੈ। ਕੰਪਨੀ ਵਲੋਂ ਸੂਬੇ ਅੰਦਰ 20 ਦੇ ਕਰੀਬ ਯੂਨਿਟ ਸਥਾਪਤ ਕੀਤੇ ਜਾਣਗੇ।

ਇੰਡੀਅਨ ਆਇਲ ਦੇ ਪੰਜਾਬ ਪ੍ਰਮੁੱਖ ਸੁਜੋਏ ਚੌਧਰੀ ਅਨੁਸਾਰ ਸੰਗਰੂਰ 'ਚ ਜਰਮਨੀ ਦੀ ਕੰਪਨੀ ਵਲੋਂ ਕਰੀਬ 8 ਮਹੀਨਿਆਂ 'ਚ ਕੰਪ੍ਰੈਸਡ ਬਾਇਓਗੈਸ ਦਾ ਉਦਘਾਟਨ ਸ਼ੁਰੂ ਕਰ ਦੇਵੇਗੀ। ਇੱਥੇ ਰੋਜ਼ਾਨਾ 30 ਟਨ ਤਕ ਬਾਇਓਗੈਸ ਤਿਆਰ ਕੀਤੀ ਜਾਵੇਗੀ। ਕੰਪਨੀ ਨੇ ਪਿੰਡਾਂ ਦੇ ਕਿਸਾਨਾਂ ਤੋਂ ਪਰਾਲੀ ਲੈ ਕੇ ਸਟੋਰ ਕਰਨ ਦੀ ਯੋਜਨਾ ਬਣਾਈ ਹੈ।

ਇਸ ਪਰਾਲੀ ਨੂੰ ਕੰਕਰੀਟ ਦੇ ਵੱਡੇ ਟੈਂਕਾਂ 'ਚ ਰੱਖਿਆ ਜਾਵੇਗਾ, ਜਿੱਥੇ ਇਸ ਵਿਚ ਪਸ਼ੂਆਂ ਦੇ ਢਿੱਡ 'ਚ ਪੈਦਾ ਹੋਣ ਵਾਲੇ ਇੰਜ਼ਾਇਮ ਦੇ ਸਮਾਨ ਪੇਟੇਂਟ ਇੰਜ਼ਾਇਮ ਨੂੰ ਮਿਲਾਇਆ ਜਾਵੇਗਾ। ਇਸ ਨਾਲ ਗੈਸ ਪੈਦਾ ਹੋਵੇਗੀ, ਜਿਸ ਨੂੰ ਪਿਊਰੀਫਾਈ ਕਰ ਕੇ ਕੰਪ੍ਰੈਸਡ ਬਾਇਓਗੈਸ ਤਿਆਰ ਕੀਤੀ ਜਾਵੇਗੀ। ਇਸ ਕੰਪ੍ਰੈਸ਼ਡ ਬਾਇਓਗੈਸ ਨੂੰ 46 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ।

ਵਰਤੇ ਜਾ ਚੁੱਕੇ ਖਾਣ ਵਾਲੇ ਤੇਲ ਨਾਲ ਬਣੇਗੀ ਹਾਈਡ੍ਰੋਜ਼ਨ ਸੀਐਨਜੀ : ਇੰਡੀਅਨ ਆਇਲ ਦੇ ਪ੍ਰਮੁੱਖ ਸੁਜੋਏ ਚੌਧਰੀ ਨੇ ਅੱਗੇ ਦਸਿਆ ਕਿ ਵਰਤੇ ਜਾ ਚੁੱਕੇ ਖਾਣ ਵਾਲੇ ਤੇਲ (ਕੁਕਿੰਗ ਆਇਲ) ਦੀ ਵਰਤੋਂ ਨਾਲ ਵੀ ਹਾਈਡ੍ਰੋਜ਼ਨ ਸੀਐਨਜੀ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਾਈਡ੍ਰੋਜ਼ਨ ਸੀਐਨਜੀ ਬਣਾਉਣ ਦਾ ਤਜ਼ਰਬਾ ਛੇਤੀ ਹੀ ਕੀਤਾ ਜਾਣ ਵਾਲਾ ਹੈ। ਇਸ ਦਾ ਇਸਤੇਮਾਲ ਸਭ ਤੋਂ ਪਹਿਲਾਂ ਰਾਜਘਾਟ ਤੋਂ ਲੈ ਕੇ ਫ਼ਰੀਦਾਬਾਦ ਵਿਚਾਲੇ ਬੱਸਾਂ 'ਤੇ ਕਰਨ ਦੀ ਯੋਜਨਾ ਹੈ।