ਕੈਪਟਨ ਵਲੋਂ ਭਵਿੱਖ ਦਾ ਮੁੱਖ ਮੰਤਰੀ ਦੱਸੇ ਜਾਣ ’ਤੇ ਬੋਲੇ ਜਾਖੜ, ਜਾਣੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਸੁਨੀਲ ਜਾਖੜ ਨੂੰ ਦੱਸਿਆ ਸੀ ਭਵਿੱਖ ਵਿਚ ਪੰਜਾਬ ਦਾ ਮੁੱਖ ਮੰਤਰੀ

Captain Amarinder Singh & Sunil Jakhar

ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਵਿੱਖ ਦੇ ਮੁੱਖ ਮੰਤਰੀ ਦੱਸੇ ਜਾਣ ਦੇ ਬਿਆਨ ’ਤੇ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਤਰੱਕੀ ਦੀ ਰਾਹ ’ਤੇ ਹੈ ਤੇ ਅਗਾਂਹ 2022 ਵਿਚ ਵੀ ਕੈਪਟਨ ਸਾਬ੍ਹ ਹੀ ਮੁੱਖ ਮੰਤਰੀ ਹੋਣਗੇ।

ਮੁੱਖ ਮੰਤਰੀ ਵਲੋਂ ਵਿਕਾਸ ਦੇ ਕਈ ਕੰਮ ਉਲੀਕੇ ਗਏ ਹਨ, ਜਿਸ ਕਰਕੇ ਪੰਜਾਬ ਦੀ ਜਨਤਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੇਗੀ। ਜ਼ਿਕਰਯੋਗ ਹੈ ਕਿ ਪਠਾਨਕੋਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਸੁਨੀਲ ਜਾਖੜ ਨੂੰ ਭਵਿੱਖ ਵਿਚ ਪੰਜਾਬ ਦਾ ਮੁੱਖ ਮੰਤਰੀ ਦੱਸਿਆ ਸੀ। ਉਸ ਸਮੇਂ ਕੈਪਟਨ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਕਿਹਾ, ਸੁਨੀਲ ਜਾਖੜ ਇਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

ਪਠਾਨਕੋਟ ਦੇ ਭੋਆ ’ਚ ਰੈਲੀ ਦੌਰਾਨ ਮੁੱਖ ਮੰਤਰੀ ਦੇ ਭਾਸ਼ਣ ਨੂੰ ਲੈ ਕੇ ਭਾਜਪਾ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ’ਤੇ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਾਬ੍ਹ ਨੇ ਡੋਗਰਾ ਸਰਟੀਫਿਕੇਟ ਦੇ ਬਾਰੇ ਬੋਲਿਆ ਹੈ ਤਾਂ ਡੋਗਰਾ ਸਰਟੀਫਿਕੇਟ ਵੀ ਤਾਂ ਲੋਕਾਂ ਨਾਲ ਜੁੜਿਆ ਮੁੱਦਾ ਹੈ, ਜੇਕਰ ਭਾਜਪਾ ਚਾਹੁੰਦੀ ਹੈ ਕਿ ਲੋਕਾਂ ਦੀ ਗੱਲ ਸਟੇਜ ’ਤੇ ਨਾ ਕੀਤੀ ਜਾਵੇ ਤਾਂ ਇਸ ਸਬੰਧੀ ਭਾਜਪਾ ਨੂੰ ਅਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।