ਮਨਪ੍ਰੀਤ ਬਾਦਲ ਪੂਰਾ ਕਰੇਗਾ ਬਠਿੰਡਾ ਦੇ ਕ੍ਰਿਕਟ ਪ੍ਰੇਮੀਆਂ ਦਾ ਸੁਪਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਵਲੋਂ 11 ਸਾਲ ਪਹਿਲਾਂ ਬਠਿੰਡਾ ਵਾਸੀਆਂ ਨੂੰ ਦਿਖ਼ਾਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਸੁਪਨੇ ਨੂੰ ਹੁਣ ਮਨਪ੍ਰੀਤ ਬਾਦਲ ਪੂਰਾ ਕਰੇਗਾ............

Manpreet Singh Badal

ਬਠਿੰਡਾ  : ਸੁਖਬੀਰ ਬਾਦਲ ਵਲੋਂ 11 ਸਾਲ ਪਹਿਲਾਂ ਬਠਿੰਡਾ ਵਾਸੀਆਂ ਨੂੰ ਦਿਖ਼ਾਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਸੁਪਨੇ ਨੂੰ ਹੁਣ ਮਨਪ੍ਰੀਤ ਬਾਦਲ ਪੂਰਾ ਕਰੇਗਾ। ਮਨਪ੍ਰੀਤ ਸਿੰਘ ਬਾਦਲ ਦੇ ਵਿਤ ਮੰਤਰੀ ਬਣ ਜਾਣ ਤੋਂ ਬਾਅਦ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਉਣ ਦੀ ਫ਼ਾਈਲ ਮੁੜ ਖੁੱਲ ਗਈ ਹੈ। ਇਸਦੇ ਲਈ ਬੰਦ ਹੋਏ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੌਨੀ ਵਿਚੋਂ 55 ਏਕੜ ਜ਼ਮੀਨ ਨੂੰ ਦੇਖਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਮੁਢਲੇ ਪੜਾਅ 'ਤੇ ਚੱਲ ਰਹੀ ਇਸ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਬੀ.ਸੀ.ਸੀ.ਆਈ ਨਾਲ ਵੀ ਅੰਦਰਖ਼ਾਤੇ ਗੱਲਬਾਤ ਚੱਲੀ ਹੈ

ਤਾਂ ਕਿ ਪੰਜਾਬ ਸਰਕਾਰ ਵਲੋਂ ਜ਼ਮੀਨ ਦੇਣ ਤੋਂ ਬਾਅਦ ਉਕਤ ਸੰਸਥਾ ਵਲੋਂ ਕ੍ਰਿਕਟ ਸਟੇਡੀਅਮ ਦੀ ਉਸਾਰੀ ਕੀਤੀ ਜਾ ਸਕੇ। ਉਂਜ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਤ ਮੰਤਰੀ ਦੀ ਇਸ ਤਜਵੀਜ਼ 'ਤੇ ਕਾਰਵਾਈ ਕਰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ  ਸਰਵੇ ਕਰਨ ਅਤੇ ਇਸ ਜਗ੍ਹਾਂ ਦਾ ਨਕਸ਼ਾ ਤਿਆਰ ਕਰਨ ਲਈ ਆਦੇਸ਼ ਦਿਤੇ ਹਨ। ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਥਰਮਲ ਕਲੌਨੀ ਦੇ ਗੇਟ ਨੰਬਰ 3 ਦੇ ਅੰਦਰ ਜਾ ਕੇ ਜੋਗਾਨੰਦ ਰੋਡ ਵਾਲੇ ਪਾਸੇ ਖ਼ਾਲੀ ਪਈ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਾਲ ਵਿਭਾਗ ਵਲੋਂ ਵੀ ਬਠਿੰਡਾ ਦੇ ਥਰਮਲ ਪਲਾਂਟ ਦੇ ਨਾਂ ਬੋਲਦੀ ਪੰਜਾਬ ਰਾਜ ਬਿਜਲੀ ਬੋਰਡ ਦੀ ਖੇਵਟ ਨੰਬਰ 2537 ਦੀ ਖਤੌਨੀ ਨੰਬਰ 16037 ਵਿਚੋਂ ਜ਼ਮੀਨ ਦਾ ਰਿਕਾਰਡ ਕੱਢ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋਂਪ ਦਿਤਾ ਹੈ। ਜ਼ਿਕਰਯੋਗ ਹੈ ਕਿ ਮਾਲਵਾ ਦੇ ਟਿੱਬਿਆ ਨੂੰ ਰੁਸ਼ਨਾਉਣ ਵਾਲੇ ਬਠਿੰਡਾ ਥਰਮਲ ਪਲਾਂਟ ਦੇ ਨਾਲ ਹੀ ਮੁਲਾਜ਼ਮਾਂ ਤੇ ਅਫ਼ਸਰਾਂ ਲਈ 250 ਏਕੜ ਵਿਚ 1500 ਦੇ ਕਰੀਬ ਕੁਆਟਰ ਤੇ ਕੋਠੀਆਂ ਬਣੀਆਂ ਹੋਈਆਂ ਹੈ। ਹਾਲਾਂਕਿ ਥਰਮਲ ਬੰਦ ਹੋਣ ਤੋਂ ਬਾਅਦ ਇਥੋਂ ਮੁਲਾਜ਼ਮਾਂ ਤੇ ਅਫ਼ਸਰਾਂ ਦੀਆਂ ਬਦਲੀਆਂ ਦਾ ਦੌਰ ਜਾਰੀ ਹੈ

ਸੂਤਰਾਂ ਅਨੁਸਾਰ ਪਾਵਰਕਾਮ ਵਲੋਂ ਵੀ ਕ੍ਰਿਕਟ ਸਟੇਡੀਅਮ ਲਈ ਜਗ੍ਹਾ ਦੇਣ ਬਾਰੇ ਨਾਂ-ਨੁੱਕਰ ਕਰਨ ਦੀ ਘੱਟ ਹੀ ਗੁਜਾਇੰਸ਼ ਹੈ। ਇੱਥੇ ਇਹ ਦਸਣਾ ਅਤਿ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਬਠਿੰਡਾ 'ਚ ਅੰਤਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਉਣ ਦਾ ਮੁੱਦਾ ਸੁਖਬੀਰ ਸਿੰਘ ਬਾਦਲ ਨੇ ਚੁੱਕਿਆ ਸੀ। ਅਕਾਲੀ ਸਰਕਾਰ ਨੇ ਹੀ ਅਪਣੇ ਕਾਰਜ਼ਕਾਲ 'ਚ ਕ੍ਰਿਕਟ ਸਟੇਡੀਅਮ ਵਾਲੀ ਜਗ੍ਹਾਂ 'ਚ ਮੱਛੀ ਮਾਰਕੀਟ ਬਣਾ ਦਿਤੀ ਸੀ। ਜਿਸਦੇ ਚੱਲਦੇ ਬਠਿੰਡਾ ਅਤੇ ਇਸਦੇ ਆਸ ਪਾਸ ਖੇਤਰਾਂ 'ਚ ਕ੍ਰਿਕਟ ਪ੍ਰੇਮੀਆਂ ਨੇ ਕਾਫ਼ੀ ਬੁਰਾ ਮਨਾਇਆ ਸੀ।

Related Stories