ਭਾਰਤ ਨਾਲੋਂ ਤੇਜ਼ ਰਹੇਗੀ ਬੰਗਲਾਦੇਸ਼ ਅਤੇ ਨੇਪਾਲ ਦੀ ਆਰਥਕ ਵਾਧਾ ਦਰ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ਵ ਬੈਂਕ ਨੇ ਦੱਖਣ ਏਸ਼ੀਆ 'ਚ ਸੁਸਤੀ ਦਾ ਲਗਾਇਆ ਅੰਦਾਜ਼ਾ

Bangladesh and Nepal are estimated to grow faster than India in 2019 : World Bank

ਨਵੀਂ ਦਿੱਲੀ : ਵਿਸ਼ਵ ਬੈਂਕ ਦੀ ਇਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਾਲ 2019 'ਚ ਦੱਖਣ ਏਸ਼ੀਆਈ ਦੇਸ਼ਾਂ 'ਚ ਨੇਪਾਲ ਅਤੇ ਬੰਗਲਾਦੇਸ਼ ਦੀ ਆਰਥਕ ਵਾਧਾ ਦਰ ਦੀ ਰਫ਼ਤਾਰ ਭਾਰਤ ਤੋਂ ਵੀ ਤੇਜ਼ ਰਹੇਗੀ। ਵਿਸ਼ਵ ਬੈਂਕ ਨੇ ਇਸ ਰਿਪੋਰਟ 'ਚ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਪੂਰੀ ਦੁਨੀਆ ਦੀ ਤਰ੍ਹਾਂ ਦੱਖਣ ਏਸ਼ੀਆਈ ਦੇਸ਼ਾਂ 'ਚ ਵੀ ਆਰਥਕ ਸੁਸਤੀ ਰਹੇਗੀ। ਪਾਕਿਸਤਾਨ ਬਾਰੇ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ 'ਚ ਮੁਦਰਾ ਨੀਤੀਆਂ ਵਿਚ ਸਖ਼ਤੀ ਕਾਰਨ ਇਥੇ ਦੀ ਆਰਥਕ ਰਫ਼ਤਾਰ 2.4% ਰਹੇਗੀ। 

ਵਿਸ਼ਵ ਬੈਂਕ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਦੱਖਣ ਏਸ਼ੀਆ 'ਚ ਵਾਧਾ ਦਰ 5.9% ਰਹੇਗੀ, ਜੋ ਕਿ ਅਪ੍ਰੈਲ 2019 ਦੇ ਮੁਕਾਬਲੇ 1.1% ਘੱਟ ਹੈ। ਹਾਲਾਂਕਿ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਥੋੜੇ ਸਮੇਂ ਲਈ ਹਲਕੀ ਤੇਜ਼ੀ ਵੀ ਵੇਖਣ ਨੂੰ ਮਿਲ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਘਰੇਲੂ ਮੰਗ ਕਾਰਨ ਗ੍ਰੋਥ 'ਚ ਤੇਜ਼ੀ ਰਹੀ ਸਨ ਪਰ ਹੁਣ ਇਹ ਹੌਲੀ ਹੋ ਗਈ ਹੈ, ਜਿਸ ਕਾਰਨ ਇਸ ਖੇਤਰ 'ਚ ਸੁਸਤੀ ਵੇਖਣ ਨੂੰ ਮਿਲ ਰਹੀ ਹੈ।

ਦੱਖਣ ਏਸ਼ੀਆ 'ਚ ਦਰਾਮਦ 'ਤੇ ਵੀ ਅਸਰ ਪੈਂਦਾ ਹੈ। ਸੱਭ ਤੋਂ ਵੱਧ ਦਰਾਮਦ 'ਤੇ ਅਸਰ ਪਾਕਿਸਤਾਨ ਅਤੇ ਸ੍ਰੀਲੰਕਾ 'ਤੇ ਪੈਂਦਾ ਹੈ, ਜਿਥੇ ਕੁਲ ਦਰਾਮਦ 'ਚ 15 ਤੋਂ 20 ਫ਼ੀਸਦੀ ਤਕ ਦੀ ਕਮੀ ਆਈ ਹੈ। ਭਾਰਤ ਦੀ ਗੱਲ ਕਰੀਏ ਤਾਂ ਘਰੇਲੂ ਮੰਗ ਘੱਟ ਹੋਣ ਕਾਰਨ ਪਿਛਲੀ ਤਿਮਾਹੀ 'ਚ ਨਿੱਜੀ ਖ਼ਪਤ 3.1 ਫ਼ੀਸਦੀ ਰਹੀ ਹੈ। ਪਿਛਲੇ ਸਾਲ ਇਸ ਸਮੇਂ ਇਹ 7.3 ਫ਼ੀਸਦੀ ਰਹੀ ਸੀ।  2019 ਦੀ ਦੂਜੀ ਤਿਮਾਹੀ 'ਚ ਉਤਪਾਦਨ 1 ਫ਼ੀਸਦੀ ਤੋਂ ਘੱਟ ਹੋ ਗਿਆ ਹੈ।

ਇਸ ਰਿਪੋਰਟ 'ਚ ਖ਼ਾਸ ਤੌਰ 'ਤੇ ਇਹ ਵੀ ਕਿਹਾ ਗਿਆ ਹੈ ਕਿ ਦੱਖਣ ਏਸ਼ੀਆਈ ਦੇਸ਼ਾਂ 'ਚ ਆਰਥਕ ਸੁਸਤੀ ਸਾਲ 2008 ਅਤੇ 2012 ਦੇ ਦੌਰ ਨੂੰ ਦੁਹਰਾਉਂਦੇ ਵਿਖਾਈ ਦੇ ਰਹੀ ਹੈ। ਹਾਲਾਂਕਿ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਨਿਵੇਸ਼ ਅਤੇ ਨਿੱਜੀ ਖਪਤ 'ਚ ਹਲਕੀ ਤੇਜ਼ੀ ਵੀ 2020 ਦੌਰਾਨ ਦੱਖਣ ਏਸ਼ੀਆਈ ਦੇਸ਼ਾਂ ਲਈ ਆਰਥਕ ਤੇਜ਼ੀ ਨੂੰ 6.3 ਫ਼ੀਸਦੀ ਤਕ ਪਹੁੰਚਾ ਸਕਦੀ ਹੈ।

ਭਾਰਤ 'ਚ ਚਾਲੂ ਵਿੱਤੀ ਸਾਲ ਲਈ ਗ੍ਰੋਥ 6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਬਾਅਦ ਸਾਲ 2021 'ਚ ਇਹ 6.9 ਫ਼ੀਸਦੀ ਅਤੇ ਇਸ ਦੇ ਅਗਲੇ ਸਾਲ 7.2 ਫ਼ੀਸਦੀ ਰਹਿਣ ਦਾ ਅਨੁਆਨ ਲਗਾਇਆ ਹੈ। ਉਥੇ ਹੀ ਬੰਗਲਾਦੇਸ਼ ਦੀ ਗੱਲ ਕਰੀਏ ਤਾਂ 2019 'ਚ ਇਥੇ ਦੀ ਜੀਡੀਪੀ ਗ੍ਰੋਥ 8.1 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਸਾਲ 2020 'ਚ 7.2 ਅਤੇ ਸਾਲ 2021 'ਚ 7.3% ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਟਰੇਡ ਵਾਰ ਕਾਰਨ ਬੰਗਲਾਦੇਸ਼ ਦੀ ਗਾਰਮੈਂਟ ਇੰਡਸਟਰੀ ਨੂੰ ਜ਼ਬਰਦਸਤ ਫ਼ਾਇਦਾ ਹੋਇਆ ਹੈ।