ਭਾਰਤ ਦਾ GDP ਵਾਧਾ ਅਨੁਮਾਨ ਘਟਾ ਕੇ 6% ਕੀਤਾ

ਏਜੰਸੀ

ਖ਼ਬਰਾਂ, ਵਪਾਰ

IMF ਤੋਂ ਬਾਅਦ ਵਿਸ਼ਵ ਬੈਂਕ ਨੇ ਦਿੱਤਾ ਝਟਕਾ

World Bank Cuts India's Growth Forecast To 6%

ਨਵੀਂ ਦਿੱਲੀ : ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ਼.) ਤੋਂ ਬਾਅਦ ਹੁਣ ਵਿਸ਼ਵ ਬੈਂਕ ਨੇ ਐਤਵਾਰ ਨੂੰ ਚਾਲੂ ਵਿੱਤੀ ਸਾਲ 2019-20 ਲਈ ਭਾਰਤ ਦਾ ਗ੍ਰੋਥ ਰੇਟ ਅਨੁਮਾਨ ਘਟਾ ਦਿੱਤਾ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 6 ਫ਼ੀਸਦੀ ਰਹਿ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ (2018-19) 'ਚ ਭਾਰਤ ਦੀ ਵਿਕਾਸ ਦਰ 6.9 ਫ਼ੀਸਦੀ ਰਹੀ ਸੀ। ਆਈ.ਐਮ.ਐਫ਼. ਨਾਲ ਸਾਲਾਨਾ ਬੈਠਕ ਤੋਂ ਬਾਅਦ ਵਿਸ਼ਵ ਬੈਂਕ ਨੇ ਇਹ ਐਲਾਨ ਕੀਤਾ ਹੈ।

ਵਿਸ਼ਵ ਬੈਂਕ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਭਾਰਤ ਦੀ ਆਰਥਕ ਗ੍ਰੋਥ ਰੇਟ ਘੱਟ ਹੋਈ ਹੈ। ਆਈ.ਐਮ.ਐਫ਼. ਅਤੇ ਵਿਸ਼ਵ ਬੈਂਕ ਦੀ ਸੰਯੁਕਤ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਰਿਪੋਰਟ 'ਚ ਲਗਾਤਾਰ ਦੂਜੇ ਸਾਲ ਭਾਰਤ ਦੀ ਆਰਥਕ ਵਾਧਾ ਦਰ 'ਚ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ। ਵਿੱਤੀ ਸਾਲ 2018-19 'ਚ ਵਾਧਾ ਦਰ, ਵਿੱਤੀ ਸਾਲ 2017-18 ਦੇ 7.2 ਫ਼ੀਸਦੀ ਤੋਂ ਘੱਟ ਰਿਹਾ ਸੀ। ਨਿਰਮਾਣ ਗਤੀਵਿਧੀਆਂ 'ਚ ਵਾਧੇ ਕਾਰਨ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਵੱਧ ਕੇ 6.9% ਹੋ ਗਈ, ਜਦਕਿ ਖੇਤੀ ਤੇ ਸੇਵਾ ਖੇਤਰ 'ਚ ਵਾਧਾ ਦਰ ਲੜੀਵਾਰ 2.9% ਅਤੇ 7.5% ਰਹੀ।

ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਆਈ.ਐਮ.ਐਫ. ਨੇ ਚਾਲੂ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਦਿੱਤਾ ਸੀ। ਆਈ.ਐਮ.ਐਫ. ਨੇ ਹੁਣ ਵਿਕਾਸ ਦਰ ਦਾ ਅਨੁਮਾਨ 0.30 ਫ਼ੀਸਦੀ ਘਟਾ ਕੇ 7 ਫ਼ੀਸਦੀ ਕਰ ਦਿੱਤਾ ਹੈ। ਉਸ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਭਾਰਤ ਦਾ ਗਰੋਥ ਰੇਟ ਅਨੁਮਾਨ 6.8 ਫ਼ੀਸਦੀ ਤੋਂ ਘਟਾ ਕੇ 6.1 ਫੀਸਦੀ ਕਰ ਦਿੱਤਾ ਸੀ। ਜਾਣਕਾਰਾਂ ਮੁਤਾਬਕ ਅਜਿਹਾ ਘਰੇਲੂ ਮੰਗਾਂ 'ਚ ਆਈ ਕਮੀ ਦੀ ਵਜ੍ਹਾ ਨਾਲ ਕੀਤਾ ਗਿਆ ਹੈ।

ਵਿਕਾਸ ਦਰ ਨੂੰ ਘਟਾਉਣ ਦੇ ਅਨੁਮਾਨ ਤੋਂ ਕੇਂਦਰ ਸਰਕਾਰ ਦੀ ਦੇਸ਼ ਨੂੰ 50 ਖ਼ਰਬ ਇਕੋਨਾਮੀ ਬਣਾਉਣ ਦੀ ਕਵਾਇਦ ਨੂੰ ਵੀ ਝਟਕਾ ਲੱਗ ਸਕਦਾ ਹੈ। ਜੇ ਅਰਥਵਿਵਸਥਾ 'ਚ ਮੰਦੀ ਦਾ ਦੌਰ ਵੇਖਣ ਨੂੰ ਜਾਂ ਫਿਰ ਹੌਲੀ ਰਫ਼ਤਾਰ ਰਹੇਗੀ ਤਾਂ ਇਸ ਦਾ ਅਸਰ ਭਵਿੱਖ 'ਚ ਵੀ ਵੇਖਣ ਨੂੰ ਮਿਲੇਗਾ। ਫਿਲਹਾਲ ਦੇਸ਼ 'ਚ ਕਈ ਸੈਕਟਰਾਂ 'ਚ ਉਤਪਾਦਨ ਲਗਭਗ ਠੱਪ ਹੋ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਲੋਕ ਪੁਰਾਣੇ ਸਟਾਕ ਨੂੰ ਵੀ ਨਹੀਂ ਖਰੀਦ ਰਹੇ ਹਨ। 

Related Stories