ਭਿਆਨਕ ਟੱਕਰ ਤੋਂ ਬਾਅਦ ਕਾਰ ‘ਤੇ ਪਲਟੀ ਟਰਾਲੀ, ਵਿਆਹ ‘ਚ ਆਏ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਪੜ ‘ਚ ਬਾਈਪਾਸ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਸੰਤ ਕਰਮ ਸਿੰਘ ਅਕੈਡਮੀ...

Road Accident

ਰੋਪੜ (ਸਸਸ) : ਰੋਪੜ ‘ਚ ਬਾਈਪਾਸ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਸੰਤ ਕਰਮ ਸਿੰਘ ਅਕੈਡਮੀ ਚੌਂਕ ਦੇ ਕੋਲ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ਤੋਂ ਬਾਅਦ ਟਰਾਲੀ ਕਾਰ ਦੇ ਉਤੇ ਹੀ ਪਲਟ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨ ਵਿਆਹ ਦੇ ਪ੍ਰੋਗਰਾਮ ਤੋਂ ਰਿਸ਼ਤੇਦਾਰਾਂ ਨੂੰ ਘਰ ਛੱਡਣ ਲਈ ਜਾ ਰਿਹਾ ਸੀ। ਬਾਈਪਾਸ ‘ਤੇ ਸਟਰੀਟ ਲਾਈਟ ਨਾ ਚੱਲਣ ਦੀ ਵਜ੍ਹਾ ਨਾਲ ਹਨ੍ਹੇਰਾ ਸੀ, ਜਿਸ ਦੇ ਚਲਦੇ ਉਹ ਟਰੈਕਟਰ-ਟਰਾਲੀ ਨੂੰ ਵੇਖ ਨਹੀਂ ਸਕਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੇ ਚਿਹਰੇ ਦੀ ਪਹਿਚਾਣ ਕਰਨਾ ਮੁਸ਼ਕਿਲ ਹੋ ਰਿਹਾ ਸੀ, ਸਿਰਫ਼ ਗੁਲਾਬੀ ਪੱਗ ਹੀ ਵਿਖਾਈ ਦੇ ਰਹੀ ਸੀ। ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਪਹਿਚਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਭੂਤਗੜ੍ਹ ਦੇ ਰਹਿਣ ਵਾਲੇ 28 ਸਾਲ ਦੇ ਕੁਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਰੋਪੜ ਦੇ ਸ਼ਾਮਪੁਰਾ ਵਿਚ ਅਪਣੇ ਮਾਮੇ ਦੀ ਕੁੜੀ (ਮਾਮੇਰੀ ਭੈਣ) ਦੇ ਵਿਆਹ ਵਿਚ ਆਇਆ ਹੋਇਆ ਸੀ।

ਹਾਦਸਾ ਰਾਤ ਲਗਭੱਗ 7 ਵਜੇ ਤੋਂ ਬਾਅਦ ਵਾਪਰਿਆ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਾਰ ਵਿਚੋਂ ਲਾਸ਼ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਰੋਪੜ ਦੇ ਸਿਵਲ ਹਸਪਤਾਲ ਸਥਿਤ ਲਾਸ਼ ਘਰ ਵਿਚ ਰਖਵਾ ਦਿਤਾ ਹੈ। ਨਾਲ ਹੀ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਨੂੰ ਦਿਤੇ ਬਿਆਨ ਵਿਚ ਸ਼ਾਮਪੁਰਾ ਨਿਵਾਸੀ ਜਗਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਣੇਵਾਂ ਕੁਲਦੀਪ ਸਿੰਘ ਇਥੇ ਡਰੀਮ ਪੈਲਸ ਤੋਂ ਰਿਸ਼ਤੇਦਾਰਾਂ ਨੂੰ ਛੱਡ ਕੇ ਵਾਪਸ ਕੁੱਝ ਹੋਰਾਂ ਨੂੰ ਲੈਣ ਲਈ ਜਾ ਰਿਹਾ ਸੀ।

ਸੰਤ ਕਰਮ ਸਿੰਘ ਅਕੈਡਮੀ ਦੇ ਕੋਲ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਉਸ ਦੀ ਆਈ-20 ਕਾਰ ਚੌਂਕ ਉਤੇ ਮੋੜ ਕੱਟ ਰਹੀ ਟਰੈਕਟਰ-ਟਰਾਲੀ ਵਿਚ ਪਿਛੇ ਤੋਂ ਜਾ ਟਕਰਾਈ। ਟੱਕਰ ਇੰਨੀ ਖ਼ਤਰਨਾਕ ਸੀ ਕਿ ਟਰਾਲੀ ਕਾਰ ਦੇ ਉਤੇ ਹੀ ਪਲਟ ਗਈ ਅਤੇ ਕੁਲਦੀਪ ਕਾਰ ਦੀ ਬਾਡੀ ਵਿਚ ਹੀ ਫਸ ਗਿਆ। ਉਸ ਦਾ ਸਿਰ ਅਤੇ ਚਿਹਰਾ ਇੰਨੀ ਬੁਰੀ ਤਰ੍ਹਾਂ ਨਾਲ ਕੁਚਲਿਆ ਜਾ ਚੁੱਕਿਆ ਸੀ ਕਿ ਸਿਰਫ਼ ਉਸ ਦੀ ਗੁਲਾਬੀ ਪੱਗ ਹੀ ਨਜ਼ਰ ਆ ਰਹੀ ਸੀ, ਜੋ ਉਸ ਨੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਬੰਨੀ ਸੀ। ਸਿਰ ਦੇ ਚਾਰ ਟੁਕੜੇ ਹੋ ਚੁੱਕੇ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਦੇ ਏਐਸਆਈ ਸੋਹਨ ਸਿੰਘ ਪੁਲਿਸ ਟੀਮ  ਦੇ ਨਾਲ ਮੌਕੇ ‘ਤੇ ਪਹੁੰਚੇ। ਕਾਰ ਵਿਚ ਫਸੀ ਕੁਲਦੀਪ ਸਿੰਘ ਦੀ ਲਾਸ਼ ਨੂੰ ਬਹੁਤ ਮੁਸ਼ਕਲ ਨਾਲ ਕੱਢਣ ਤੋਂ ਬਾਅਦ ਰੋਪੜ ਦੇ ਸਿਵਲ ਹਸਪਤਾਲ ਸਥਿਤ ਲਾਸ਼ ਘਰ ਵਿਚ ਰਖਵਾ ਦਿਤਾ ਹੈ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਦਾ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ, ਉਥੇ ਹੀ ਕੁਲਦੀਪ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਵਿਆਹ ਵਾਲੇ ਘਰਾਂ ਵਿਚ ਸੋਗ ਦਾ ਮਾਹੌਲ ਬਣ ਗਿਆ। ਫ਼ਿਲਹਾਲ ਪੁਲਿਸ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਅਗਲੀ ਕਾਰਵਾਈ ਵਿਚ ਜੁਟੀ ਹੈ।