ਮਿੱਠੂ ਮਦਾਨ ਨੂੰ ਦੱਸਿਆ ਗਿਆ ਅੰਮ੍ਰਿਤਸਰ ਰੇਲ ਹਾਦਸੇ ਦਾ ਜਿੰਮੇਵਾਰ
62 ਜਾਨਾਂ ਲੈਣ ਵਾਲੇ ਅੰਮ੍ਰਿਤਸਰ ਰੇਲ ਹਾਦਸੇ ਦੀ ਰੀਪੋਰਟ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ...
ਅੰਮ੍ਰਿਤਸਰ (ਭਾਸ਼ਾ) : 62 ਜਾਨਾਂ ਲੈਣ ਵਾਲੇ ਅੰਮ੍ਰਿਤਸਰ ਰੇਲ ਹਾਦਸੇ ਦੀ ਰੀਪੋਰਟ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੇ ਜਿੰਮੇਵਾਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਤੇ ਮਿੱਠੂ ਮਦਾਨ ਨੂੰ ਠਹਿਰਾਇਆ ਗਿਆ ਹੈ | ਇਸ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਿਸ਼ੇਸ਼ ਟੀਮ ਦੇ ਵੱਲੋਂ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਗ੍ਰਹਿ ਵਿਭਾਗ ਨੇ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਮੁਖ ਮੰਤਰੀ ਨੂੰ ਸੌਂਪ ਦਿੱਤੀ ਹੈ।
ਦੱਸ ਦੇਈਏ ਕਿ 19 ਅਕਤੂਬਰ ਨੂੰ ਵਾਪਰੇ ਅੰਮ੍ਰਿਤਸਰ ਜੋੜਾ ਫਾਟਕ 'ਤੇ ਹੋ ਰਹੇ ਦੁਸਹਿਰਾ ਸਮਾਗਮ ਵਿਚ ਡਾਕਟਰ ਨਵਜੋਤ ਕੌਰ ਸਿੱਧੂ ਬਤੌਰ ਮੁਖ ਮਹਿਮਾਨ ਪਹੁੰਚੇ ਸਨ ਅਤੇ ਉਸੇ ਸਮਾਗਮ ਦੌਰਾਨ ਇਕ ਟਰੇਨ ਤੇਜ਼ੀ ਨਾਲ ਨਿਕਲੀ ਅਤੇ 62 ਜਾਨਾਂ ਨੂੰ ਆਪਣੇ ਨਾਲ ਲੈ ਗਈ। ਇਸ ਹਾਦਸੇ ਤੋਂ ਬਾਅਦ ਵਿਰੋਧੀਆਂ ਵੱਲੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਗਿਆ, ਪਰ ਜਾਂਚ ਟੀਮ ਵਲੋਂ ਸਿੱਧੂ ਜੋੜੇ ਨੂੰ ਬੇਕਸੂਰ ਪਾਇਆ ਗਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਉਧਰ ਜਾਂਚ ਟੀਮ ਵੱਲੋਂ ਇਸ ਮਸਲੇ 'ਤੇ ਰੇਲਵੇ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਅਤੇ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਨੂੰ ਜਿੰਮੇਵਾਰ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਰੀਪੋਰਟ ਅਜੇ ਅਧਿਕਾਰਿਕ ਤੌਰ 'ਤੇ ਜਾਰੀ ਨਹੀਂ ਕੀਤੀ ਗਈ।