ਮਿਡ-ਡੇ-ਮੀਲ ਯੋਜਨਾ ਦੇ ਤਹਿਤ ਬੱਚਿਆਂ ਨੂੰ ਮਿਲੇਗਾ ਮਾਰਕਫੈੱਡ ਦਾ ਡੱਬਾ ਬੰਦ ਭੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਦੇ ਤਹਿਤ ਸਰਕਾਰੀ ਕੰਪਨੀ...

Markfed Punjab

ਲੁਧਿਆਣਾ (ਸਸਸ) : ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਦੇ ਤਹਿਤ ਸਰਕਾਰੀ ਕੰਪਨੀ ਮਾਰਕਫੈੱਡ ਵਲੋਂ ਡੱਬਿਆਂ ‘ਚ ਬੰਦ ਭੋਜਨ ਮਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਪਾਇਲਟ ਪ੍ਰਜੈਕਟ 1 ਜਨਵਰੀ, 2019 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਫ਼ੈਸਲਾ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਸਟੇਟ ਫੂਡ ਕਮਿਸ਼ਨਰ ਦੇ ਮੈਂਬਰ ਗੁਰਸੰਦੀਪ ਸਿੰਘ ਗਰੇਵਾਲ ਨੇ ਅੱਜ ਸਥਾਨਿਕ ਸਰਕਿਟ ਹਾਊਸ ਵਿਚ ਦਿਤੀ। 

ਕਮਿਸ਼ਨਰ ਦੀ ਪਹਿਲਕਦਮੀ ‘ਤੇ ਪੰਜਾਬ ਦੇ ਦੋ ਬਲਾਕਾਂ (ਇਕ ਦਿਹਾਤੀ ਅਤੇ ਇਕ ਸ਼ਹਿਰੀ) ਦੇ 25-25 ਸਕੂਲਾਂ/ਕੇਂਦਰਾਂ ਵਿਚ 1 ਜਨਵਰੀ, 2019 ਤੋਂ ਇਸ ਨੂੰ ਇਕ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਤਹਿਤ ਮਾਰਕਫੈੱਡ ਵਲੋਂ ਸਕੂਲਾਂ-ਕੇਂਦਰਾਂ ਵਿਚ ਮਿਡ-ਡੇ-ਮੀਲ ਦੇ ਮੀਨੂ ਮੁਤਾਬਕ ਡੱਬਾ ਬੰਦ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਹ ਭੋਜਨ ਬਿਲਕੁਲ ਤਿਆਰ ਹੋਵੇਗਾ, ਜਿਸ ਨੂੰ ਵੰਡਣ ਤੋਂ ਪਹਿਲਾਂ ਸਿਰਫ਼ ਗਰਮ ਹੀ ਕਰਨਾ ਪਵੇਗਾ।

ਇਸ ਪ੍ਰੋਜੈਕਟ ਦੇ ਸਫ਼ਲ ਹੋਣ ‘ਤੇ ਜਿੱਥੇ ਸਕੂਲਾਂ ਅਤੇ ਕੇਂਦਰਾਂ ਵਿਚ ਮਿਡ-ਡੇ-ਮੀਲ ਨੂੰ ਤਿਆਰ ਕਰਨ ਵਿਚ ਮੈਨਪਾਵਰ ਦੀ ਜ਼ਰੂਰਤ ਨਹੀਂ ਰਹੇਗੀ, ਉੱਥੇ ਹੀ ਮਾਰਕਫੈੱਡ ਦੀ ਆਮਦਨ ਵਿਚ ਵੀ ਇਫ਼ਾਜ਼ਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਾਰਕਫੈੱਡ ਵਲੋਂ ਇਹ ਭੋਜਨ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਮਾਨਸਿਕ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਹਿਦਾਇਤ ਦਿਤੀ ਕਿ ਸਾਰੇ ਮਿਡ-ਡੇ-ਮੀਲ ਸਬੰਧੀ ਮੀਨੂ ਬੋਰਡ ਅਤੇ ਫੂਡ ਸੇਫ਼ਟੀ ਐਕਟ ਦੀਆਂ ਹਦਾਇਤਾਂ ਨੂੰ ਬੋਰਡ ‘ਤੇ ਲਗਾਉਣ।