ਹੁਣ ਪ੍ਰੀਖਿਆ ਦੌਰਾਨ ਧਾਰਮਿਕ ਚਿੰਨ੍ਹਾਂ 'ਤੇ ਨਹੀਂ ਉਠਣਗੇ ਸਵਾਲ
ਹੁਣ ਪ੍ਰੀਖਿਆਵਾਂ ਵਿਚ ਧਾਰਮਿਕ ਚਿੰਨ੍ਹਾਂ ਦੀ ਵਜ੍ਹਾ ਨਾਲ ਕਿਸੇ ਵਿਦਿਆਰਥੀ ਨੂੰ ਨਹੀਂ ਰੋਕਿਆ ਜਾਵੇਗਾ, ਕਿਉਂਕਿ ਦਿੱਲੀ ਦੇ ਘੱਟ ਗਿਣਤੀ ਕਮਿਸ਼ਨ ਨੇ ਸ਼ਹਿਰ ਦੇ ਸਰਕਾਰੀ...
ਚੰਡੀਗੜ੍ਹ : ਹੁਣ ਪ੍ਰੀਖਿਆਵਾਂ ਵਿਚ ਧਾਰਮਿਕ ਚਿੰਨ੍ਹਾਂ ਦੀ ਵਜ੍ਹਾ ਨਾਲ ਕਿਸੇ ਵਿਦਿਆਰਥੀ ਨੂੰ ਨਹੀਂ ਰੋਕਿਆ ਜਾਵੇਗਾ, ਕਿਉਂਕਿ ਦਿੱਲੀ ਦੇ ਘੱਟ ਗਿਣਤੀ ਕਮਿਸ਼ਨ ਨੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਨੂੰ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਧਾਰਮਿਕ ਅਕੀਦੇ ਮੁਤਾਬਕ ਕੱਪੜੇ ਤੇ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਦੇਣ ਲਈ ਆਖਿਆ ਹੈ, ਤਾਂ ਜੋ ਪ੍ਰੀਖਿਆਵਾਂ ਮੌਕੇ ਵਿਦਿਆਰਥੀਆਂ ਨੂੰ ਅਪਣੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ।
ਕਮਿਸ਼ਨ ਦੇ ਹੁਕਮ ਤੋਂ ਬਾਅਦ ਜਨਰਲ ਪ੍ਰਸ਼ਾਸਨ ਵਿਭਾਗ ਨੇ ਸਾਰੇ ਪ੍ਰਿੰਸੀਪਲ ਸਕੱਤਰਾਂ ਤੇ ਵਿਭਾਗ ਮੁਖੀਆਂ ਨੂੰ ਪੱਤਰ ਜਾਰੀ ਕਰ ਦਿਤੇ ਹਨ। ਸਬੰਧਤ ਵਿਭਾਗਾਂ ਨੂੰ ਅਕਾਦਮਿਕ ਤੇ ਨੌਕਰੀ ਪ੍ਰੀਖਿਆਵਾਂ ਸਬੰਧੀ ਨੇਮ ਬਣਾ ਕੇ 'ਬਣਦੀ ਕਾਰਵਾਈ' ਲਈ ਕਿਹਾ ਗਿਆ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫ਼ਰਉੱਲ ਇਸਲਾਮ ਖ਼ਾਨ ਨੇ ਕਿਹਾ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਹੀ ਇਹ ਅਜਿਹਾ ਕੀਤਾ ਗਿਆ ਹੈ।
ਕਮਿਸ਼ਨ ਨੇ ਆਪਣੇ ਹੁਕਮ ਵਿਚ ਆਖਿਆ ਹੈ ਕਿ ਸਿੱਖ ਵੀ ਜਾਇਜ਼ ਲੰਬਾਈ ਦੀ ਕਿਰਪਾਨ ਧਾਰਨ ਕਰਕੇ ਪ੍ਰੀਖਿਆ ਦੇ ਸਕਦੇ ਹਨ। ਇਸੇ ਤਰ੍ਹਾਂ ਮੁਸਲਿਮ ਔਰਤਾਂ ਨੂੰ ਹਿਜ਼ਾਬ ਪਹਿਨਣ ਦੇ ਹੱਕ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਉਹ ਪ੍ਰੀਖਿਆ ਦੌਰਾਨ ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਵੀ ਪਹਿਨ ਸਕਦੀਆਂ ਹਨ। ਹਾਲਾਂਕਿ ਕਮਿਸ਼ਨ ਨੇ ਕਿਹਾ ਹੈ ਕਿ ਸੁਰੱਖਿਆ ਇੰਤਜ਼ਾਮ ਜ਼ਰੂਰੀ ਹਨ ਤੇ ਕਿਸੇ ਦੀ ਵੀ ਤਲਾਸ਼ੀ ਲਈ ਜਾ ਸਕਦੀ ਹੈ, ਪਰ ਇਸ ਲਈ ਉਮੀਦਵਾਰਾਂ ਨੂੰ ਸਮੇਂ ਤੋਂ ਪਹਿਲਾਂ ਸੱਦਿਆ ਜਾਣਾ ਲਾਜ਼ਮੀ ਹੈ।
ਤਲਾਸ਼ੀ ਲੈਣ ਵੇਲੇ ਸਟਾਫ਼ ਕਿਸੇ ਦੇ ਮਾਣ ਨੂੰ ਠੇਸ ਨਾ ਪਹੁੰਚਾਈ ਜਾਵੇ। ਕਮਿਸ਼ਨ ਨੇ ਅਪਣੇ ਵਲੋਂ ਜਾਰੀ ਪੱਤਰ ਵਿਚ ਇਹ ਵੀ ਆਖਿਆ ਕਿ ਜੇਕਰ ਕੋਈ ਵਿਭਾਗ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਵਿਭਾਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਪਿਛਲੇ ਸਾਲ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਪ੍ਰੀਖਿਆਵਾਂ ਵਿਚ ਕੁੱਝ ਵਿਦਿਆਰਥੀਆਂ ਨੂੰ ਰੋਕੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਸਨ, ਅਜਿਹੇ ਮਾਮਲਿਆਂ ਨੂੰ ਰੋਕਣ ਲਈ ਹੀ ਅਜਿਹਾ ਕੀਤਾ ਗਿਆ ਹੈ।