ਇਸ ਹਫ਼ਤੇ ਸੱਜੇਗਾ ਪੰਜਾਬ ਦੇ ਨਵੇਂ ਬੀਜੇਪੀ ਪ੍ਰਧਾਨ ਸਿਰ ਤਾਜ

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਵਲੋਂ ਚੋਣ ਲਈ ਸਰਗਰਮੀਆਂ ਤੇਜ਼

file photo

ਚੰਡੀਗੜ੍ਹ : ਪੰਜਾਬ ਦੀ ਸਿਆਸਤ 'ਤੇ ਭਾਜਪਾ ਦੀ ਹਮੇਸ਼ਾ ਤਿਰਛੀ ਨਜ਼ਰ ਰਹੀ ਹੈ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਅੰਦਰ ਭਾਜਪਾ ਨੂੰ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ। ਭਾਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਬਾਅਦ ਭਾਜਪਾ ਦੀ ਹਾਲਤ ਕੁੱਝ ਸੁਧਾਰੀ ਹੈ ਪਰ ਇਕੱਲੇ ਅਪਣੇ ਦਮ 'ਤੇ ਪੰਜਾਬ ਅੰਦਰ ਵਿਚਰਨ ਦੀ ਉਸਦੀ ਰੀਝ ਅਜੇ ਵੀ ਅਧੂਰੀ ਹੈ।

ਇਸ ਦੇ ਬਾਵਜੂਦ ਪਾਰਟੀ ਨੇ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਹੁਣ ਭਾਜਪਾ ਨੂੰ ਕਿਸੇ ਅਜਿਹੇ ਚਿਹਰੇ ਦੀ ਤਲਾਸ਼ ਹੈ ਜੋ ਪੰਜਾਬ ਦੇ ਸਿੱਖ ਤੇ ਦਲਿਤ ਵੋਟਰਾਂ ਦੇ ਦਿਲ ਦੀ ਥਾਹ ਪਾ ਸਕੇ। ਸੂਤਰਾਂ ਮੁਤਾਬਕ ਭਾਜਪਾ ਦੀ ਤਲਾਸ਼ ਅਜੇ ਖ਼ਤਮ ਨਹੀਂ ਹੋਈ, ਕਿਉਂਕਿ ਅਜਿਹਾ ਕੋਈ ਵੀ ਚਿਹਰਾ ਭਾਜਪਾ ਨੂੰ ਅਜੇ ਤਕ ਮਿਲ ਨਹੀਂ ਸਕਿਆ।

ਭਾਜਪਾ ਦੇ ਮੌਜੂਦਾ ਪੰਜਾਬ ਪ੍ਰਧਾਨ ਦਾ ਕਾਰਜਕਾਲ ਪਿਛਲੇ ਸਾਲ ਦਸੰਬਰ ਮਹੀਨੇ ਪੂਰਾ ਹੋ ਗਿਆ ਸੀ। ਇਹੀ ਕਾਰਨ ਹੈ ਕਿ ਭਾਜਪਾ ਨੇ ਅਗਲਾ ਪ੍ਰਧਾਨ ਥਾਪਣ ਲਈ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ। ਅੰਦਰ ਦੀਆਂ ਕਨਸੋਆਂ ਮੁਤਾਬਕ ਸੂਬਾ ਪ੍ਰਧਾਨ ਦੀ ਚੋਣ 16 ਤੇ 17 ਜਨਵਰੀ ਨੂੰ ਜਲੰਧਰ ਵਿਖੇ ਹੋਵੇਗੀ।

ਪਾਰਟੀ ਵਲੋਂ ਨਿਯੁਕਤ ਕੀਤੇ ਗਏ ਨਿਰਗਾਨ ਅਨਿਲ ਸਰੀਨ ਮੁਤਾਬਕ ਸੂਬਾਈ ਪ੍ਰਧਾਨ ਲਈ 16 ਜਨਵਰੀ ਨੂੰ ਕਾਗ਼ਜ਼ ਦਾਖ਼ਲ ਕੀਤੇ ਜਾਣਗੇ ਅਤੇ ਅਗਲੇ ਦਿਨ 17 ਜਨਵਰੀ ਨੂੰ ਚੋਣ ਕੀਤੀ ਜਾਵੇਗੀ। ਇਸ ਵਕਤ ਭਾਜਪਾ ਦੇ ਮੌਜੂਦਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਤਰੁਣ ਚੁੱਘ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਨਰਿੰਦਰ ਪਰਮਾਰ, ਰਾਕੇਸ਼ ਰਠੋੜ, ਪ੍ਰਵੀਨ ਬਾਂਸਲ, ਅਨਿਲ ਸਰੀਨ ਤੇ ਹਰਜੀਤ ਸਿੰਘ ਗਰੇਵਾਲ ਪ੍ਰਧਾਨਗੀ ਦੀ ਦੌੜ 'ਚ ਸ਼ਾਮਲ ਦੱਸੇ ਜਾ ਰਹੇ ਹਨ।

ਇਸੇ ਤਰ੍ਹਾਂ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਨਾਂ ਦੀ ਚਰਚਾ ਵੀ ਚੱਲ ਰਹੀ ਹੈ। ਇਸ ਵਾਰ ਕਿਸ ਸਿਰ ਪ੍ਰਧਾਨਗੀ ਦਾ ਤਾਜ ਸੱਜੇਗਾ, ਇਸ ਦਾ ਪਤਾ ਆਉਂਦੇ ਦਿਨਾਂ 'ਚ ਲੱਗਣ ਦੀ ਉਮੀਦ ਹੈ।