ਭਾਈਵਾਲ ਪਾਰਟੀ ਭਾਜਪਾ ਦੀ ਵੱਡੀ ਹਾਰ ਨੇ ਬਾਦਲਾਂ ਨੂੰ ਵੀ ਫ਼ਿਕਰਾਂ 'ਚ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ 'ਚ 'ਆਪ' ਦੀ ਜਿੱਤ ਤੋਂ ਬਾਅਦ ਪੰਜਾਬ 'ਚ ਬਦਲਣ ਲੱਗੀ ਸਿਆਸੀ ਫ਼ਿਜ਼ਾ

Photo

ਠੰਢ ਦੇ ਬਾਵਜੂਦ ਰੈਲੀਆਂ ਵਿਚ ਜਾਣ ਲਈ ਮਜਬੂਰ ਹੋਏ ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ : ਹਾਲ ਹੀ ਵਿਚ ਦਿੱਲੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ 62 ਸੀਟਾਂ ਦੇ ਭਾਰੀ ਬਹੁਮਤ ਨਾਲ ਹੋਈ ਜਿੱਤ ਅਤੇ ਭਾਜਪਾ ਸਮੇਤ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਵਿਚ ਸਿਆਸੀ ਫ਼ਿਜ਼ਾ ਤੇਜ਼ੀ ਨਾਲ ਬਦਲਣ ਲੱਗ ਪਈ ਹੈ।

ਕਾਂਗਰਸ ਪਾਰਟੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਸੀਟ ਨਹੀਂ ਜਿੱਤ ਸਕੀ, ਪ੍ਰੰਤੂ ਭਾਜਪਾ ਪਿਛਲੀ ਵਾਰ ਦੀਆਂ ਤਿੰਨ ਸੀਟਾਂ ਤੋਂ ਮਾਮੂਲੀ ਜਿਹਾ ਵਧ ਕੇ ਮਹਿਜ਼ 8 ਸੀਟਾਂ ਤੱਕ ਸਿਮਟ ਕੇ ਰਹਿ ਗਈ। ਭਾਵੇਂ ਕਿ ਚੋਟੀ ਦੇ ਬੀ.ਜੇ.ਪੀ ਲੀਡਰਾਂ ਵਲੋਂ ਦਿੱਲੀ ਵਿਚ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਵੱਡੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸਨ, ਪ੍ਰੰਤੂ ਸਾਰੇ ਚੋਣ ਨਤੀਜੇ ਭਾਜਪਾ ਦੀਆਂ ਕਿਆਸ ਅਰਾਈਆਂ ਤੋਂ ਬਿਲਕੁਟ ਉਲਟ ਨਿਕਲੇ।

ਦਿੱਲੀ ਵਿਚ ਲਗਾਤਾਰ ਤੀਜੀ ਵਾਰ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਜਿਥੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸਿਆਸੀ ਕੱਦ ਹੋਰ ਵੱਡਾ ਹੋਇਆ ਹੈ, ਉੱਥੇ ਪੰਜਾਬ ਵਿਚਲੇ ਆਪ ਲੀਡਰਾਂ ਤੇ ਵਰਕਰਾਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਾਰਟੀ ਤੋਂ ਰੁੱਸੇ ਕਈ ਲੀਡਰ ਮੁੜ ਤੋਂ ਮੁੱਖ ਧਾਰਾ ਨਾਲ ਜੁੜਨ ਲਈ ਜੁਗਤਾਂ ਲੜਾਉਣ ਲੱਗ ਪਏ ਹਨ।

ਉਧਰ ਦੂਜੇ ਪਾਸੇ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਦਿੱਲੀ ਵਿਚ ਮਿਲੀ ਕਰਾਰੀ ਹਾਰ ਤੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ, ਜਿਸਦੇ ਚਲਦਿਆਂ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਵੱਖ-ਵੱਖ ਸ਼ਹਿਰਾਂ 'ਚ ਧਰਨੇ ਲਗਾਉਣ ਅਤੇ ਰੈਲੀਆਂ ਕਰਨ ਦੇ ਉਲੀਕੇ ਪ੍ਰੋਗਰਾਮਾਂ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਮੂਲੀਅਤ ਕਰਨਗੇ।

ਠੰਡ ਕਾਰਨ ਡਾਕਟਰਾਂ ਵੱਲੋਂ ਆਰਾਮ ਕਰਨ ਦੀ ਦਿੱਤੀ ਸਲਾਹ ਦੇ ਬਾਵਜੂਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਸਰਗਰਮੀਆਂ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸਦੇ ਚਲਦਿਆਂ ਉਹਨਾਂ ਨੇ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਵਿਰੁਧ ਰੈਲੀ ਵਿਚ ਸ਼ਮੂਲੀਅਤ ਕੀਤੀ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਹੱਥੋਂ ਮਿਲੀ ਵੱਡੀ ਹਾਰ ਨੇ ਜਿੱਥੇ ਕਾਂਗਰਸ ਨੂੰ ਪੂਰੀ ਤਰਾਂ ਫਿਕਰਾਂ ਵਿੱਚ ਪਾ ਦਿੱਤਾ ਹੈ ਉੱਥੇ ਬੀ.ਜੇ.ਪੀ ਅਤੇ ਖਾਸਕਰ ਉਹਨਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਨੂੰ ਸਿਆਸੀ ਫਿਕਰ ਲਗਾ ਦਿੱਤਾ ਹੈ ਅਤੇ ਇਸੇ ਫਿਕਰ ਦੇ ਚਲਦਿਆਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਰਾਜੋਈ ਕਰਕੇ ਪਾਰਟੀ ਤੋਂ ਵੱਖ ਹੋਏ ਡਾ. ਰਤਨ ਸਿੰਘ ਅਜਨਾਲਾ ਦੇ ਘਰ ਪੁੱਜੇ ਅਤੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ਡਾ. ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ।

ਢੀਂਡਸਿਆਂ ਦੇ 'ਆਪ' ਨਾਲ ਹੋਣ ਵਾਲੇ ਸੰਭਾਵੀ 'ਮੇਲ' ਨੇ ਵੀ ਸੁਕਣੇ ਪਾਇਆ
ਚੰਡੀਗੜ੍ਹ : 'ਆਪ' ਵਲੋਂ ਦਿੱਲੀ ਵਿਚ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿਚ ਸਰਗਰਮੀਆਂ ਤੇਜ਼ ਕਰਨ ਦੀਆਂ ਤਿਆਰੀਆਂ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿਤੀ ਹੈ।

ਸੂਤਰਾਂ ਅਨੁਸਾਰ ਬਾਦਲ ਪਰਵਾਰ ਵਿਰੁਧ ਪਾਰਟੀ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾ ਕੇ ਪਾਰਟੀ ਛੱਡਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸ਼ਰਤਾਂ ਅਨੁਸਾਰ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਸਕਦੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ਼ ਨੂੰ ਹੋਰ ਢਾਅ ਲੱਗੇਗੀ।

ਪੰਜਾਬ ਵਿਚ ਤੇਜ਼ੀ ਨਾਲ ਲੋਕਪ੍ਰਿਅਤਾ ਖੋਹ ਚੁੱਕੀ ਆਮ ਆਦਮੀ ਪਾਰਟੀ ਮੁੜ ਤੋਂ ਪੈਰਾਂ 'ਤੇ ਖੜ੍ਹਨ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਵੱਡੇ ਲੀਡਰਾਂ ਨਾਲ ਹੱਥ ਮਿਲਾ ਸਕਦੀ ਹੈ ਅਤੇ ਇਸੇ ਸੰਭਾਵੀ 'ਮੇਲ' ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਿੰਤਾਂ ਵਿਚ ਪਾ ਦਿਤਾ ਹੈ।