ਸਿੱਖੀ ਸਿਧਾਂਤਾਂ ਨੂੰ ਛੱਡ ਤਾਕਤ ਦੀ ਭੁੱਖੀ ਪਾਰਟੀ ਵਜੋਂ ਕਰ ਰਿਹਾ ਕੰਮ ਅਕਾਲੀ ਦਲ (ਬ) : ਬੱਬੀ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੱਕੜੀ ਛੱਡਣ ਪਿੱਛੋਂ ਬੱਬੀ ਬਾਦਲ ਦਾ ਬਾਦਲਾਂ ’ਤੇ ਵੱਡਾ ਹਮਲਾ, ਅਕਾਲੀ ਦਲ ’ਤੇ ਮਜੀਠੀਆਵਾਦ ਹਾਵੀ

Bubby Badal On Spokesman tv

ਚੰਡੀਗੜ੍ਹ : ਬਾਦਲ ਪਰਵਾਰ ਦੇ ਮੈਂਬਰ ਬੱਬੀ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋ ਗਏ ਹਨ। ਸਪੋਕਸਮੈਨ ਟੀਵੀ ’ਤੇ ਗੱਲਬਾਤ ਕਰਦਿਆਂ ਬੱਬੀ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਅਪਣਾ ਅਸਤੀਫ਼ਾ ਦੇਣ ਦਾ ਮੁੱਖ ਕਾਰਨ ਦੱਸਦੇ ਹੋਏ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਪਹਿਲਾਂ ਤਾਂ ਸੁਖਬੀਰ ਬਾਦਲ ਅਤੇ ਪ੍ਰਕਾਸ਼ ਬਾਦਲ ਨੇ ਅਪਣੇ ਬਿਆਨ ਦਿਤੇ ਸਨ

ਪਰ ਹੁਣ ਜਦੋਂ ਅਕਾਲੀ ਦਲ ਦੇ ਮਨਤਾਰ ਬਰਾੜ ਵਰਗੇ ਅਪਣੇ ਆਗੂ ਫਸਣ ਲੱਗੇ ਤਾਂ ਬਾਦਲਾਂ ਨੇ ਫ਼ੈਸਲਾ ਲਿਆ ਕਿ ਅਸੀਂ ਐਸਆਈਟੀ ਦੀ ਮਦਦ ਨਹੀਂ ਕਰਾਂਗੇ ਅਤੇ ਇਸ ਨੂੰ ਬਾਈਕਾਟ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਬਾਈਕਾਟ ਕਰਨ ਵਾਲੀ ਗੱਲ ਉਨ੍ਹਾਂ ਨੂੰ ਬਹੁਤ ਗਲਤ ਲੱਗੀ, ਜਿਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਅਸਤੀਫ਼ਾ ਦਿਤਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ, ਇਹ ਵੀ ਅਸਤੀਫ਼ੇ ਦਾ ਕਾਰਨ ਸੀ ਪਰ ਇਸ ਨੂੰ ਉਹ ਸਹਿਣ ਕਰ ਲੈਂਦੇ ਜੇਕਰ ਅਕਾਲੀ ਦਲ ਦੀਆਂ ਟਕਸਾਲੀ ਕਦਰਾਂ ਕੀਮਤਾਂ ਜਿਉਂਦੀਆਂ ਰਹਿੰਦੀਆਂ।

ਅਕਾਲੀ ਦਲ ਅਪਣੇ ਰਸਤੇ ਤੋਂ ਭਟਕ ਚੁੱਕਾ ਹੈ ਜਿਸ ਕਰਕੇ ਉਨ੍ਹਾਂ ਨੇ ਅਸਤੀਫ਼ਾ ਦਿਤਾ ਹੈ। ਅਕਾਲੀ ਦਲ ਦੀ ਜੋ ਰਿਵਾਇਤੀ ਸੋਚ ਹੈ, ਉਸ ਉਤੇ ਪਹਿਰਾ ਦੇਣਾ ਚਾਹੀਦਾ ਸੀ ਜੋ ਕਿ ਨਹੀਂ ਦਿਤਾ ਗਿਆ। ਸਿੱਖੀ ਸਿਧਾਂਤਾਂ ਨੂੰ ਛੱਡ ਕੇ ਤਾਕਤ ਦੀ ਭੁੱਖੀ ਪਾਰਟੀ ਵਜੋਂ ਕੰਮ ਕਰਨ ਲੱਗ ਗਏ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਿਚ ਇਸ ਸਮੇਂ ਬਾਦਲਾਂ ਦਾ ਪਰਵਾਰਵਾਦ ਹਾਵੀ ਨਹੀਂ ਹੋ ਰਿਹਾ ਬਲਕਿ ਮਜੀਠੀਆਵਾਦ ਹਾਵੀ ਹੋ ਰਿਹਾ ਹੈ।

ਮਜੀਠੀਆ ਪਰਵਾਰ ਹੁਣ ਅਕਾਲੀ ਦਲ ਨੂੰ ਚਲਾਉਣ ਲੱਗ ਪਿਆ ਹੈ, ਪਾਰਟੀ ਵਿਚ ਸੀਨੀਅਰ ਲੀਡਰਾਂ ਦੀ ਕੋਈ ਗੱਲਬਾਤ ਨਹੀਂ ਰਹੀ। ਇਹ ਅਕਾਲੀ ਦਲ ਬਾਦਲਾਂ ਲਈ ਚੰਗੇ ਸੰਕੇਤ ਨਹੀਂ ਹਨ। ਬੱਬੀ ਬਾਦਲ ਨੇ ਦੱਸਿਆ ਕਿ ਸੁਖਬੀਰ ਬਾਦਲ ਨੂੰ ਕਈ ਵਾਰ ਉਨ੍ਹਾਂ ਨੇ ਸੁਝਾਅ ਦਿਤੇ ਅਤੇ ਕਈ ਵਾਰ ਸਮਝਾਇਆ ਕਿ ਉਹ ਅਜਿਹੇ ਕੰਮ ਨਾ ਕਰਨ ਜਿਸ ਨਾਲ ਲੋਕ ਉਨ੍ਹਾਂ ਤੋਂ ਦੂਰ ਹੋ ਜਾਣ ਪਰ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਇਕ ਨਾ ਸੁਣੀ ਸਗੋਂ ਇਹ ਕਿਹਾ ਕਿ ‘ਤੂੰ ਆਸ਼ਾਵਾਦੀ ਨਹੀਂ ਨਿਰਾਸ਼ਾਵਾਦੀ ਹੈ’, ਜਿਸ ਕਰਕੇ ਅੱਜ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜੋ ਗਲਤ ਹੈ। ਗੁਰੂ ਦੀ ਗੋਲਕ ਵਿਚੋਂ ਪੈਸਿਆਂ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ, ਗੁਰੂ ਘਰ ਦੇ ਲੰਗਰ ਦਾ ਖਾਣਾ ਸਿਆਸੀ ਰੈਲੀਆਂ ਵਿਚ ਦਿਤਾ ਜਾਂਦਾ ਹੈ ਅਤੇ ਹੋਰ ਵੀ ਬਹੁਤ ਕੁਝ ਗਲਤ ਹੋ ਰਿਹਾ ਹੈ। ਇਸ ਦੌਰਾਨ ਬੱਬੀ ਬਾਦਲ ਨੇ ਅਪਣੀ ਰਣਨੀਤੀ ਬਾਰੇ ਦੱਸਦੇ ਹੋਏ ਕਿਹਾ ਕਿ ਮੇਰਾ ਹੁਣ ਇਕੋ ਟੀਚਾ ਹੈ ਕਿ ਯੂਥ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਪੈਸੇ ਵਾਲੇ ਨਹੀਂ ਸਗੋਂ ਸਧਾਰਨ ਪਰਵਾਰਾਂ ਦੇ ਲੜਕੇ ਭਰਤੀ ਕਰੀਏ

ਜੋ ਬਹੁਤ ਹੀ ਮਜ਼ਬੂਤ ਤਰੀਕੇ ਨਾਲ ਪਾਰਟੀ ਦੀ ਸੇਵਾ ਕਰਨ ਅਤੇ ਪਾਰਟੀ ਨੂੰ ਜਿਤਾਉਣ ਲਈ ਐਮ.ਪੀ. ਦੀਆਂ ਚੋਣਾਂ ਵਿਚ ਮੋਹਰੀ ਭੂਮਿਕਾ ਨਿਭਾਉਣ।