ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਬੁਲੰਦੀਆਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿੱਤੀ ਸਾਲ 2018-19 ਦੇ ਪਹਿਲੇ 10 ਮਹੀਨਿਆਂ ਵਿਚ ਬਾਕੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

Sri Guru Ram Dass International Airport

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਅਤੇ ਘਰੇਲੂ ਮੁਸਾਫ਼ਰਾਂ ਦੀ ਗਿਣਤੀ ਵਿਚ ਲਗਾਤਾਰ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਇਹ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਫ਼ਲਾਈ ਅੰਮ੍ਰਿਤਸਰ ਇਨਿਸ਼ਿਏਟਿਵ (ਮੁਹਿੰਮ) ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀ ਜ. ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਜਨਵਰੀ 2019 ਅੰਕਿੜਆਂ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਅੰਮ੍ਰਿਤਸਰ ਏਅਰਪੋਰਟ ਚਾਲੂ ਵਿੱਤੀ ਸਾਲ 2018-2019 ਦੇ ਪਹਿਲੇ 10 ਮਹੀਨਿਆਂ (ਅਪ੍ਰੈਲ ਤੋ ਜਨਵਰੀ) ਵਿਚ ਅੰਤਰ ਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਵਿਚ ਕੁੱਲ 28.7 ਫ਼ੀ ਸਦੀ ਵਾਧੇ ਨਾਲ ਭਾਰਤ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲੋਂ ਸੱਭ ਤੋਂ ਉਪਰਲੇ ਸਥਾਨ 'ਤੇ ਹੈ। ਇਥੋਂ ਇਸ ਵਰ੍ਹੇ ਹੁਣ ਤਕ ਅੰਤਰਰਾਸ਼ਟਰੀ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 6.48 ਲੱਖ ਹੋ ਗਈ ਹੈ ਜੋ ਪਿਛਲੇ ਸਾਲ ਇਸ ਅਰਸੇ ਦੌਰਾਨ 5.03 ਲੱਖ ਸੀ। 

ਗੁਮਟਾਲਾ ਨੇ ਕਿਹਾ ਕਿ ਜਨਵਰੀ 2019 'ਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਜਨਵਰੀ 2018 ਦੇ ਮੁਕਾਬਲੇ 47.6 ਫ਼ੀ ਸਦੀ ਵਧੀ ਜਿਸ ਨਾਲ ਏਅਰਪੋਰਟ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਦੂਜੇ ਸਥਾਨ 'ਤੇ ਰਿਹਾ। ਜਨਵਰੀ 2018 ਵਿਚ ਇਹ ਗਿਣਤੀ 59,256 ਯਾਤਰੀ ਸੀ ਤੇ ਜਨਵਰੀ 2019 ਵਿਚ ਵਧ ਕੇ 87,461 ਹੋ ਗਈ ਹੈ ਜਿਸ ਨੇ ਕਿ ਪਿਛਲੇ ਮਹੀਨੇ ਦਸੰਬਰ 2018 ਵਿਚ 83,276 ਦੇ ਅੰਕੜੇ ਨੂੰ ਵੀ ਮਾਤ ਦੇ ਦਿਤੀ ਹੈ। ਵਾਰਾਨਸੀ 73.3 ਫ਼ੀ ਸਦੀ ਦੀ ਵਿਕਾਸ ਦਰ ਨਾਲ ਜਨਵਰੀ 2019 ਵਿਚ ਚੋਟੀ ਦੇ ਸਥਾਨ 'ਤੇ ਰਿਹਾ। ਲਗਾਤਾਰ ਦੂਜੇ ਮਹੀਨੇ ਵਿਚ ਯਾਤਰੀਆਂ ਦੀ ਕੁੱਲ ਗਿਣਤੀ 2.5 ਲੱਖ ਦਾ ਅੰਕੜਾ ਪਾਰ ਕਰ ਗਈ। ਜਨਵਰੀ 2019 ਵਿਚ ਇਥਂੋ ਕੁੱਲ ਗਿਣਤੀ 2.56 ਲੱਖ ਰਹੀ ਜਦਕਿ ਜਨਵਰੀ 2018 ਵਿਚ ਇਹ ਗਿਣਤੀ 2.24 ਲੱਖ ਸੀ। ਇਸ ਨਾਲ 14.6 ਫੀਸਦੀ ਦਾ ਕੁੱਲ ਵਾਧਾ ਹੋਇਆ ਹੈ। ਹਾਲਾਂਕਿ ਕੁੱਲ ਯਾਤਰੀਆਂ ਦੇ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰੀ ਹਨ ਪਰ ਘਰੇਲੂ ਆਵਾਜਾਈ ਵਿਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 

ਜਨਵਰੀ 2018 ਵਿਚ ਘਰੇਲੂ ਸਵਾਰੀਆਂ ਦੀ ਕੁੱਲ ਗਿਣਤੀ 1.64 ਲੱਖ ਸੀ ਤੇ ਇਹ ਜਨਵਰੀ 2019 ਵਿਚ ਵੱਧ ਕੇ 1.69 ਲੱਖ ਹੋ ਗਈ ਹੈ ਜੋ ਕਿ 2.6 ਫ਼ੀ ਸਦੀ ਦਾ ਵਾਧਾ ਹੈ। ਗੁਮਟਾਲਾ ਨੇ ਕਿਹਾ ਕਿ ਅੰਮ੍ਰਿਤਸਰ ਪਿਛਲੇ 2017-18 ਵਿੱਤੀ ਵਰ੍ਹੇ ਵਿਚ ਕੁੱਲ ਯਾਤਰੀਆਂ ਦੀ ਗਿਣਤੀ ਵਿਚ 48.1ਫੀਸਦੀ ਅਤੇ ਘਰੇਲੂ 63.9 ਫ਼ੀ ਸਦੀ ਵਾਧੇ ਨਾਲ ਪੂਰੇ ਭਾਰਤ ਵਿਚ ਨੰਬਰ ਇਕ 'ਤੇ ਆਉਣ ਤਂੋ ਬਾਅਦ, ਹੁਣ ਮੌਜੂਦਾ 2018-19 ਵਿੱਤੀ ਸਾਲ ਲਈ ਅੰਤਰਰਾਸ਼ਟਰੀ ਆਵਾਜਾਈ ਵਿਚ ਸੱਭ ਤੋਂ ਵੱਧ ਵਿਕਾਸ ਕਰ ਰਿਹਾ ਹੈ। 

ਫ਼ਲਾਈ ਅੰਮ੍ਰਿਤਸਰ ਮੁਹਿੰਮ ਦੇ ਭਾਰਤ ਵਿਚ ਕਨਵੀਨਰ ਅਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਦਸਿਆ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਿੱਧੀਆਂ ਅੱਠ ਮੁਲਕਾਂ ਲਈ ਅੰਤਰਰਾਸ਼ਟਰੀ ਉਡਾਣਾਂ ਹਨ। ਇਨ੍ਹਾਂ ਮੁਲਕਾਂ ਲਈ ਛੇ ਵਿਦੇਸ਼ੀ ਹਵਾਈ ਕੰਪਨੀਆਂ ਅਤੇ 4 ਭਾਰਤੀ ਹਵਾਈ ਕੰਪਨੀਆਂ ਉਡਾਣਾਂ ਚਲਾ ਰਹੀਆਂ ਹਨ। ਯਾਤਰੀਆਂ ਦੀ ਗਿਣਤੀ ਹੋਰ ਬਿਹਤਰ ਹੋ ਸਕਦੀ ਸੀ ਜੇਪੰਜਾਬ ਦੈ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਨੂੰ ਬੱਸ ਸੇਵਾ ਦੇ ਨਾਲ ਜੋੜਿਆ ਗਿਆ ਹੁੰਦਾ। ਅੰਮ੍ਰਿਤਸਰ ਭਾਰਤ ਦਾ ਇਕੋ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿਸ ਕੋਲ ਇੰਟਰ-ਸਟੇਟ ਅਤੇ ਸਥਾਨਕ ਜਨਤਕ ਟਰਾਂਸਪੋਰਟ ਸਹੂਲਤ ਨਹੀਂ ਹੈ। ਜੇਕਰ ਇਹ ਬੱਸ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਯਾਤਰੀਆਂ ਦੀ ਗਿਣਤੀ ਵਿਚ ਹੋਰ ਵਾਧਾ ਕਰੇਗਾ ਅਤੇ ਸਾਨੂੰ ਹੋਰ ਉਡਾਣਾਂ ਮਿਲਣਗੀਆਂ।