ਹਲਵਾਰਾ ’ਚ ਬਣੇਗਾ ਨਵਾਂ ਸਿਵਲ ਕੌਮਾਂਤਰੀ ਹਵਾਈ ਅੱਡਾ
ਭਾਰਤੀ ਹਵਾਈ ਫੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਚ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ ਲਈ ਮੰਤਰੀ ਮੰਡਲ ਦੇ ਵਲੋਂ 3 ...
ਚੰਡੀਗੜ੍ਹ (ਸਸਸ) :- ਭਾਰਤੀ ਹਵਾਈ ਫੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਚ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ ਲਈ ਮੰਤਰੀ ਮੰਡਲ ਦੇ ਵਲੋਂ 3 ਦਸੰਬਰ ਨੂੰ ਲਏ ਫ਼ੈਸਲੇ ਦੇ ਸਬੰਧ ਵਿਚ ਪੰਜਾਬ ਸਰਕਾਰ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਸਬੰਧੀ ਮੰਤਰੀ ਮੰਡਲ ਨੇ ਪ੍ਰਵਾਨਗੀ ਦਿਤੀ ਸੀ।
ਸਹਿਮਤੀ ਪੱਤਰ ’ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏ.ਏ.ਆਈ ਵੱਲੋਂ ਕਾਰਜਕਾਰੀ ਡਾਇਰੈਕਟਰ ਜੀ.ਡੀ ਗੁਪਤਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿਚ ਹਸਤਾਖਰ ਕੀਤੇ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਜੁਆਇੰਟ ਵੈਂਚਰ ਕੰਪਨੀ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿਚ ਏ.ਏ.ਆਈ. ਦੀ ਹਿੱਸੇਦਾਰੀ 51 ਫੀਸਦੀ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ।
ਉਨ੍ਹਾਂ ਦੱਸਿਆ ਕਿ ਨਵਾਂ ਹਵਾਈ ਅੱਡਾ ਵਿਕਸਤ ਕਰਨ ਲਈ ਸਾਰਾ ਖਰਚਾ ਏ.ਏ.ਆਈ. ਵੱਲੋਂ ਕੀਤਾ ਜਾਵੇਗਾ ਜਦਕਿ ਪੰਜਾਬ ਸਰਕਾਰ ਪ੍ਰਾਜੈਕਟ ਲਈ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਵਾਏਗਾ। ਇਸ ਤੋਂ ਇਲਾਵਾ 135.54 ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਏਗਾ। ਏਅਰਪੋਰਟ ਨੂੰ ਚਲਾਉਣ, ਪ੍ਰਬੰਧਨ ਅਤੇ ਰੱਖ-ਰਖਾਅ ਦਾ ਖਰਚਾ ਜੇ.ਵੀ.ਸੀ ਸਹਿਣ ਕਰੇਗੀ। ਨਵੇਂ ਅੰਤਰਰਾਸ਼ਟਰੀ ਸਿਵਲ ਐਨਕਲੇਵ ਦੇ ਪਹਿਲੇ ਪੜਾਅ ਦਾ ਕੰਮ ਤਿੰਨ ਸਾਲਾਂ ਵਿਚ ਪੂਰਾ ਕੀਤਾ ਜਾਵੇਗਾ ਜਿਸ ਨਾਲ ਹਵਾਈ ਜ਼ਹਾਜਾਂ ਦੀ ਕੋਡ 4-ਸੀ ਟਾਈਪ ਦੀਆਂ ਉਡਾਨਾਂ ਭਰੀਆਂ ਜਾ ਸਕਣਗੀਆਂ।
ਲੁਧਿਆਣਾ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿਚ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਹੋਣਗੀਆਂ। ਇਸ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।
ਇਸ ਮੌਕੇ ਤੇ ਵਧੀਕ ਮੁੱਖ ਸਕੱਤਰ (ਉਦਯੋਗ) ਵਿੰਨੀ ਮਹਾਜਨ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਸ਼ਹਿਰੀ ਅਤੇ ਯੋਜਨਾਬੰਦੀ ਡਾਇਰੈਕਟਰ ਗੁਰਨੀਤ ਤੇਜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਪੀਐਸਗਿੱਲ ਅਤੇ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਗਿਰੀਸ਼ ਦਯਾਲਨ, ਮੋਹਾਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਸੁਨੀਲ ਦੱਤ ਅਤੇ ਜੁਆਇੰਟ ਜੀਐਮ ਅਸ਼ੋਕ ਕੁਮਾਰ ਸ਼ਾਮਿਲ ਸਨ।