ਸਿੱਧੂ ਨੇ ਸਾਂਭੀ ਔਜਲਾ ਦੀ ਚੋਣ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਨੇ ਹਲਕੇ ਨਾਲ ਸਬੰਧਤ ਕੌਂਸਲਰ, ਪੰਚ-ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਚੋਣ ਮੀਟਿੰਗ ਕੀਤੀ

Navjot Singh Sidhu

ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੀ ਟਿਕਟ 'ਤੇ ਦੂਜੀ ਵਾਰ ਚੋਣ ਮੈਦਾਨ ਵਿਚ ਉਤਰੇ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਦਿਆਂ ਹਲਕੇ ਨਾਲ ਸਬੰਧਤ ਕੌਂਸਲਰ, ਪੰਚ-ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਚੋਣ ਮੀਟਿੰਗ ਕੀਤੀ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਸੰਵਿਧਾਨਿਕ ਸੰਸਥਾਵਾਂ ਦਾ ਘਾਣ ਕਰਨ, ਦੇਸ਼ ਦੀ ਕੱਖੋਂ ਹੌਲੀ ਹੋਈ ਆਰਥਕ ਵਿਵਸਥਾ, ਦੇਸ਼ ਦੀਆਂ ਫ਼ੌਜਾਂ ਦੇ ਨਾਮ 'ਤੇ ਕੀਤੀ ਜਾ ਰਹੀ ਘਟੀਆ ਸਿਆਸਤ, ਘੱਟ ਗਿਣਤੀ ਸੰਸਥਾਵਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਹੋਏ ਹਮਲਿਆਂ ਅਤੇ ਦੇਸ਼ ਵਾਸੀਆਂ ਨਾਲ ਝੂਠੇ ਵਾਅਦੇ ਕਰ ਕੇ ਮੁੱਕਰ ਜਾਣ ਵਾਲੀ ਜੁਮਲੇਬਾਜ਼ ਮੋਦੀ ਸਰਕਾਰ ਦੇ ਰਾਜਕਾਲ ਨੂੰ ਗੁੰਡਾਰਾਜ ਐਲਾਨਦਿਆਂ ਔਜਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ। ਸਿੱਧੂ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਸਰਕਾਰ ਦੇ ਕੰਮ ਬੋਲਦੇ ਹਨ ਜਦਕਿ ਪਿਛਲੇ ਸਮੇਂ ਵਿਚ ਸੂਬੇ ਦੀ ਸੱੱਤਾ 'ਤੇ ਕਾਬਜ਼ ਰਹੇ ਇਕ ਪਰਵਾਰ ਵਲੋਂ ਪੰਜਾਬੀਆਂ ਨੂੰ ਕੱਖੋਂ ਹੌਲੇ ਕਰ ਕੇ ਸੂਬਾ ਵਾਸੀਆਂ ਨਾਲ ਧੋਖਾ ਕੀਤਾ ਗਿਆ ਸੀ।

ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵਿਦੇਸ਼ ਫੇਰੀਆਂ ਸਬੰਧੀ ਲਗਦਾ ਹੈ ਕਿ ਮੋਦੀ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨਹੀਂ ਬਣੇ ਸਗੋਂ ਵਿਸ਼ਵ ਸੈਰ ਲਈ ਪ੍ਰਧਾਨ ਮੰਤਰੀ ਬਣਾਏ ਗਏ ਸਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਦੀ ਅਗਵਾਈ ਹੇਠ ਉਨ੍ਹਾਂ ਦੇ ਹੱਕ ਵਿਚ ਅੰਮ੍ਰਿਤਸਰ ਪੂਰਬੀ ਹਲਕੇ ਦੇ ਡਟਣ ਵਾਲੇ ਕਾਂਗਰਸੀ ਵਰਕਰਾਂ ਦਾ ਉਹ ਧਨਵਾਦ ਕਰਦੇ ਹਨ।

ਔਜਲਾ ਨੇ ਕਿਹਾ ਕਿ ਉਹ ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਤੇ ਸੰਤਾਂ ਮਹਾਂਪੁਰਖਾਂ ਦੀ ਚਰਨ ਛੋਹ ਧਰਤੀ ਅੰਮ੍ਰਿਤਸਰ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ ਤੇ ਅੰਮ੍ਰਿਤਸਰ ਨੂੰ ਵਿਕਾਸ ਪੱਖੋਂ ਵਿਸ਼ਵ ਦੇ ਚੋਣਵੇਂ ਸ਼ਹਿਰਾਂ ਵਿਚ ਸ਼ੁਮਾਰ ਕਰਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਜੁਗਲ ਕਿਸ਼ੋਰ ਸ਼ਰਮਾ, ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਸਮੇਤ ਹਲਕੇ ਨਾਲ ਸਬੰਧਤ ਕਾਂਗਰਸੀ ਕੌਂਸਲਰ, ਪੰਚ-ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।