Lakha Sidhana : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Lakha Sidhana : ਹੁਣ ਤੱਕ ਕੁਲ 11 ਉਮੀਦਵਾਰ ਐਲਾਨੇ ਗਏ

Lakha Sidhana

Lakha Sidhana :ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇੱਕ ਹੋਰ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜਸੇਵੀ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਅੱਜ ਉਮੀਦਵਾਰ ਐਲਾਨ ਦਿੱਤਾ ਹੈ।

ਇਹ ਵੀ ਪੜੋ:Kapurthala News: ਕਪੂਰਥਲਾ ਦੀ ਲੜਕੀ ਮਸਕਟ ’ਚ ਮਨੁੱਖੀ ਤਸਕਰੀ ਦਾ ਹੋਈ ਸ਼ਿਕਾਰ

ਲੱਖਾ ਸਿਧਾਣਾ ਦਾ ਐਲਾਨ ਅੱਜ ਬਠਿੰਡਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਕੀਤਾ ਗਿਆ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੁਣ ਤੱਕ ਕੁਲ 11 ਉਮੀਦਵਾਰ ਐਲਾਨ ਦਿੱਤੇ ਗਏ ਹਨ।

ਦੱਸ ਦਈਏ ਕਿ ਲੱਖਾ ਸਿਧਾਣਾ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਸੀ ਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਇਲਾਕੇ ਵਿਚ ਸਰਗਰਮ ਵੀ ਨਜ਼ਰ ਆ ਰਹੇ ਸਨ। ਹੁਣ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਚੇਤੇ ਰਹੇ ਕਿ ਲੱਖਾ ਸਿਧਾਣਾ ਨੇ ਹਲਕਾ ਮੌੜ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਇਹ ਵੀ ਪੜੋ:PropTiger news : ਜਨਵਰੀ-ਮਾਰਚ ਤਿਮਾਹੀ ’ਚ ਕੁੱਲ ਵਿਕਰੀ ’ਚ ਸਸਤੇ ਮਕਾਨਾਂ ਦੀ ਹਿੱਸੇਦਾਰੀ ਘਟ ਕੇ 22 ਫੀਸਦੀ ਰਹਿ ਗਈ: ਰਿਪੋਰਟ 

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ।  ਸਮਾਜ ਸੇਵੀ ਲੱਖਾ ਸਿਧਾਣਾਂ ਨੂੰ ਉਸਦੀਆਂ  ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਸ.  ਮਾਨ ਨੇ ਕਿਹਾ ਕਿ ਪੰਜਾਬ ਨੂੰ ਠੱਗਾਂ ਤੋਂ ਬਚਾ ਕੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ 'ਤੇ ਲਿਜਾਣ ਲਈ ਲੋਕ ਪੱਖੀ ਆਗੂਆਂ ਦੀ ਬੇਹੱਦ  ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ  ਲੋਕ ਸਭਾ ਚੋਣ ਕਿਸਾਨ, ਮਜ਼ਦੂਰ, ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕਾਂ ਦੀ ਰੱਖਿਆ, ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਸੁਚਾਰੂ ਰਾਜ ਪ੍ਰਬੰਧਾਂ ਦੇ ਮੁੱਦਿਆਂ 'ਤੇ ਲੜੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਇਸ ਵਾਰ ਦਿੱਲੀ ਪੱਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਲੋਕਾਂ ਦੇ ਹਿੱਤਾਂ ਲਈ ਖੜਨ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਪਾਰਟੀ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਦਾ ਧੰਨਵਾਦ ਕਰਦੇ ਹੋਏ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਪਾਰਟੀ ਵੱਲੋਂ ਸੌਂਪੀ ਗਈ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਪੰਜਾਬ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਬਠਿੰਡਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ।

ਇਹ ਵੀ ਪੜੋ:Sikar Road Accident: ਰਾਜਸਥਾਨ ’ਚ ਕਾਰ ਪਿੱਛੇ ਤੋਂ ਟਰੱਕ ਨਾਲ ਟਕਰਾਈ, ਦੋਵੇਂ ਗੱਡੀਆਂ ਨੂੰ ਲੱਗੀ ਅੱਗ, 7 ਲੋਕ ਜ਼ਿੰਦਾ ਸੜੇ 


ਇਸ ਮੌਕੇ ਪਾਰਟੀ ਦੇ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਸੇਵਕ ਸਿੰਘ ਜਵਾਰਕੇ ਤੋਂ ਇਲਾਵਾ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।  ਇੱਥੇ ਵਰਨਨਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦੋ ਵਾਰੀ ਸੁੂਚੀ ਜਾਰੀ ਕਰਕੇ ਪੰਜਾਬ ਦੀਆਂ ਹੋਰ 10 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ।  ਲੱਖਾ ਸਿਧਾਣਾ ਸਮੇਤ ਹੁਣ ਕੁੱਲ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ।
ਪਾਰਟੀ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਸੁੂਚੀ ਇਸ ਪ੍ਰਕਾਰ ਹੈ।
ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ,  ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ,  ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ,  ਸ੍ਰੀ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ,ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਵੀ ਪੜੋ: Bahraich News : ਭੈਣ ਦਾ ਫੌਹੜਾ ਮਾਰ ਕੇ ਕੀਤਾ ਕਤਲ, ਨਾਲ ਹੀ ਦੂਜੇ ਪਾਸੇ ਭਰਾ ਦੀ ਲਟਕਦੀ ਮਿਲੀ ਲਾਸ਼ 

(For more news apart from Shiromani Akali Dal party announced Lakha Sidhana as candidate from Bathinda News in Punjabi, stay tuned to Rozana Spokesman)