ਹਲਕਾ ਦਾਖਾ ਅਤੇ ਜਗਰਾਉਂ 'ਚ ਮੁੜ ਹੋ ਸਕਦੈ ਤਿਕੋਣਾ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਤੇ ਮੋਦੀ ਦੀਆਂ ਰੈਲੀਆਂ ਵੀ ਵੋਟਰਾਂ ਦੇ ਮੂਡ ਨੂੰ ਤੈਅ ਕਰਨਗੀਆਂ

Ludhiana

ਲੁਧਿਆਣਾ : ਲੋਕ ਸਭਾ ਚੋਣਾਂ ਨੂੰ ਅੱਜ ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਹੈ। ਆਉਂਦੇ ਐਤਵਾਰ ਆਖ਼ਰੀ ਤੇ ਸਤਵੇਂ ਗੇੜ ਦੀਆਂ ਵੋਟਾਂ ਪੈਣੀਆਂ ਹਨ। ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਅਤੇ ਵੋਟਰਾਂ ਦੀਆਂ ਕਿਆਸਅਰਾਈਆਂ ਵੱਧ ਰਹੀਆਂ ਹਨ। ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਤੋਂ ਮੌਜੂਦਾ ਸਾਂਸਦ ਰਵਨੀਤ ਸਿੰਘ ਬਿੱਟੂ, ਅਕਾਲੀ ਦਲ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਤੋਂ ਤੇਜਪਾਲ ਸਿੰਘ ਗਿੱਲ ਅਤੇ ਲਿਪ ਤੋਂ ਸਿਮਰਜੀਤ ਸਿੰਘ ਬੈਂਸ ਮੁੜ ਚੋਣ ਮੈਦਾਨ ਵਿਚ ਹਨ।

ਪਿਛਲੀਆਂ ਚੋਣਾਂ 'ਚ ਕਾਂਗਰਸ ਦੇ ਰਵਨੀਤ ਬਿੱਟੂ 3,00,424 ਵੋਟਾਂ ਲੈ ਕੇ ਜੇਤੂ ਰਹੇ। ਆਪ ਦੇ ਫੂਲਕਾ 2,80,635 ਵੋਟਾਂ ਨਾਲ ਦੂਜੇ ਨੰਬਰ, ਅਕਾਲੀ ਦਲ ਦੇ ਇਆਲੀ 2,56,544 ਵੋਟਾਂ ਨਾਲ ਤੀਜੇ ਜਦਕਿ ਲੋਕ ਇਨਸਾਫ਼ ਪਾਰਟੀ ਦੇ ਸਿਰਮਜੀਤ ਬੈਂਸ 2,10,895 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ। ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਵਾਧਾ ਕਰਦੇ ਹੋਏ 3,94,361 ਵੋਟਾਂ ਹਾਸਲ ਕੀਤੀਆਂ। ਅਕਾਲੀ ਦਲ ਨੇ ਵੀ 3,00,273 ਵੋਟਾਂ ਹਾਸਲ ਕੀਤੀਆਂ ਅਤੇ ਲੋਕ ਸਭਾ 'ਚ ਆਪ+ਲੋਕ ਇਨਸਾਫ਼ ਪਾਰਟੀ ਦੇ ਜੋੜ ਨੂੰ ਦੇਖਿਆ ਜਾਵੇ ਤਾਂ 4,91,530 ਵੋਟਾਂ ਦੇ ਮੁਕਾਬਲੇ ਵਿਧਾਨ ਸਭਾ 'ਚ ਗਠਜੋੜ ਕਰ ਕੇ 4,00,029 ਵੋਟਾਂ ਹਾਸਲ ਹੋਈਆਂ ਸਨ। 

ਵਿਧਾਨ ਸਭਾ ਮੌਕੇ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਨੇ ਅਪਣੀਆਂ ਵੋਟਾਂ 'ਚ ਵਾਧਾ ਕੀਤਾ, ਉੱਥੇ ਆਪ+ਲੋਕ ਇਨਸਾਫ਼ ਪਾਰਟੀ ਨੂੰ ਵੱਡਾ ਘਾਟਾ ਪਿਆ ਸੀ। ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਚਰਚਾ ਇਹ ਹੈ ਕਿ ਦਿਹਾਤੀ ਹਲਕਿਆਂ ਖ਼ਾਸ ਕਰ ਕੇ ਜਗਰਾਉਂ ਅਤੇ ਹਲਕਾ ਦਾਖਾ ਤੋਂ ਬੈਂਸ ਵਿਰੋਧੀਆਂ 'ਤੇ ਭਾਰੂ ਰਹੇਗਾ ਕਿਉਂਕਿ ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਨੇ ਅਸਤੀਫ਼ਾ ਦਿਤਾ ਹੈ, ਉੱਥੇ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੀ ਆਪ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਹਲਕੇ 'ਚ ਆਪ ਨੂੰ ਜਿਤਾਉਣ ਲਈ ਕੜੀ ਮਿਹਨਤ ਕਰ ਰਹੀ ਹੈ।

ਭਾਵੇਂ ਕਿ ਬੈਂਸ ਭਰਾਵਾਂ ਨਾਲ ਗਠਜੋੜ ਤੋਂ ਬਾਅਦ ਆਪ ਦੇ ਵੋਟ ਬੈਂਕ ਨੂੰ ਸ਼ਹਿਰਾਂ 'ਚ ਖੋਰਾ ਲਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਦਾਖਾ ਅਤੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਵੋਟਾਂ ਦੀ ਗਿਣਤੀ ਜਿਹੜੀ ਕਿ ਲੋਕ ਸਭਾ 'ਚ ਜਗਰਾਉਂ ਤੋਂ ਆਪ+ਲੋਕ ਇਨਸਾਫ਼ ਪਾਰਟੀ ਦੀ ਵੋਟ ਜੋੜੀਏ ਤਾਂ 66,686 ਸੀ, ਵਿਧਾਨ ਸਭਾ ਮੌਕੇ ਇਹ ਵੋਟ 61,521 ਸੀ। ਇਸੇ ਤਰ੍ਹਾਂ ਹਲਕਾ ਦਾਖਾ 'ਚ ਕ੍ਰਮਵਾਰ ਲੋਕ ਸਭਾ 'ਚ ਦੋਹਾਂ ਦੀ ਵੋਟ ਜੋੜੀਏ ਤਾਂ 56,755 ਸੀ, ਜਦੋਂ ਕਿ ਵਿਧਾਨ ਸਭਾ 'ਚ ਆਪ ਨੂੰ 58,923 ਵੋਟਾਂ ਹਾਸਲ ਹੋਈਆਂ ਸਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ 'ਚ ਕਾਂਗਰਸ ਤੇ ਅਕਾਲੀ ਦਲ ਨੇ ਹਲਕਾ ਜਗਰਾਉਂ ਅਤੇ ਅਕਾਲੀ ਦਲ ਨੇ ਹਲਕਾ ਦਾਖਾ ਤੋਂ ਅਪਣੇ ਵੋਟ ਬੈਂਕ 'ਚ 10 ਤੋਂ 15 ਹਜ਼ਾਰ ਵੋਟਾਂ ਦਾ ਸੁਧਾਰ ਕੀਤਾ ਸੀ। ਇਥੇ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ-ਕਾਂਗਰਸ ਦਾ ਰਵਾਇਤੀ ਵੋਟ ਬੈਂਕ ਵਾਪਸ ਅਪਣੇ ਖੇਮੇ 'ਚ ਆਉਣਾ ਸ਼ੁਰੂ ਹੋ ਗਿਆ ਸੀ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਵੋਟ ਬਹੁਤਾਤ 'ਚ ਆਪ ਅਪਣੇ ਖੇਮੇ 'ਚ ਰੋਕ ਕੇ ਰੱਖਣ 'ਚ ਕਾਮਯਾਬ ਰਹੇਗਾ। ਦੂਜੇ ਪਾਸੇ ਲੋਕ ਸਭਾ ਤੋਂ ਬਾਅਦ ਹੋਣ ਵਾਲੀ ਹਲਕਾ ਦਾਖਾ ਦੀ ਸੰਭਾਵਿਤ ਜ਼ਿਮਨੀ ਚੋਣ ਜਿੱਤਣ ਲਈ ਅਕਾਲੀ ਦਲ ਜਿੱਥੇ ਅਪਣੀ ਸਥਿਤੀ ਜਿਉਂ ਦੀ ਤਿਉਂ ਰਖੇਗਾ, ਉੱਥੇ ਕਾਂਗਰਸ ਵੀ ਇਸ ਸੀਟ ਅਤੇ ਜਗਰਾਉਂ 'ਚ ਆਪ ਦਾ ਕਿਲ੍ਹਾ ਢਾਹੁਣ ਅਤੇ ਜਿੱਤ ਹਾਸਲ ਕਰਨ ਲਈ ਜੀਅ ਤੋੜ ਮਿਹਨਤ ਕਰੇਗੀ।

ਦੋਹਾਂ ਹਲਕਿਆਂ 'ਚ ਬੈਂਸ ਭਰਾਵਾਂ ਦੀ ਵੋਟ ਲੋਕ ਸਭਾ 'ਚ ਜਗਰਾਉਂ ਮਹਿਜ਼ 4,327 ਅਤੇ ਦਾਖਾ 'ਚ 10,637 ਹੈ, ਜਿਸ ਨੂੰ ਜ਼ੋਰ ਲਗਾ ਕੇ ਬੈਂਸ ਭਰਾ ਕ੍ਰਮਵਾਰ 10 ਹਜ਼ਾਰ ਅਤੇ 15 ਹਜ਼ਾਰ ਤਕ ਵੋਟ ਬੈਂਕ ਲਿਜਾਉਣ 'ਚ ਕਾਮਯਾਬ ਹੋ ਸਕਣਗੇ। ਇਹ ਸਾਫ਼ ਹੈ ਕਿ ਇਨ੍ਹਾਂ ਦੋਹਾਂ ਸੀਟਾਂ 'ਤੇ ਮੁਕਾਬਲਾ ਕਾਂਗਰਸ, ਅਕਾਲੀ ਅਤੇ ਆਪ ਦਾ ਤਿਕੋਣਾ ਹੋਣ ਦੀ ਸੰਭਾਵਨਾ ਹੈ। ਪੂਰੇ ਹਲਕੇ ਦਾ ਗੱਲ ਕੀਤੀ ਜਾਵੇ ਤਾਂ ਆਪ+ਬੈਂਸ ਦੇ ਮੁਕਾਬਲੇ ਕਰੀਬ ਕਾਂਗਰਸ ਨੇ 93,937 ਅਤੇ ਅਕਾਲੀ ਦਲ ਨੇ 43,729 ਵੋਟਾਂ ਦਾ ਜੋ ਵਾਧਾ ਕੀਤਾ ਹੈ, ਉਹ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਇਸ ਵਾਰ ਆਪ ਦੀ ਕੋਈ ਲਹਿਰ ਹੈ ਅਤੇ ਲੁਧਿਆਣਾ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਅਪਣਾ ਪ੍ਰਭਾਵ ਵੋਟਰਾਂ 'ਤੇ ਜ਼ਰੂਰ ਛਡਣਾ ਹੈ, ਜਿਸ ਆਪ ਪੱਖੀ ਉਪਰਲੀ ਵੋਟਾਂ ਕਾਂਗਰਸ ਅਤੇ ਅਕਾਲੀ ਖੇਮੇ 'ਚ ਵਾਪਸ ਜਾਣ ਦੀ ਪੂਰੀ ਸੰਭਾਵਨਾ ਹੈ।