ਕੇਵਲ ਢਿੱਲੋਂ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ ਗੁਰਪ੍ਰੀਤ ਘੁੱਗੀ, ਵਿਰੋਧੀ ਸਾਥੀਆਂ ਨੂੰ ਲਾਏ ਰਗੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘੁੱਗੀ ਨੇ ਇਹ ਵੀ ਦੱਸਿਆ, ਇੱਥੇ ਆਉਣ ਦਾ ਨਹੀਂ ਕੋਈ ਸਿਆਸੀ ਕਾਰਨ, ਢਿੱਲੋਂ ਪਰਵਾਰ ਨਾਲ ਨਿੱਜੀ ਪ੍ਰੇਮ-ਪਿਆਰ ਦਾ ਹੈ ਰਿਸ਼ਤਾ

Gurpreet Singh Ghuggi

ਸੰਗਰੂਰ: ਪੰਜਾਬੀ ਮਸ਼ਹੂਰ ਫ਼ਿਲਮ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਜੋ ਕਿਸੇ ਵੇਲੇ ‘ਆਪ’ ਪੰਜਾਬ ਦੇ ਪ੍ਰਧਾਨ ਸਨ, ਅੱਜ ਕਾਂਗਰਸ ਦੀ ਸਟੇਜ ’ਤੇ ਖੜ੍ਹੇ ਵਿਖਾਈ ਦਿਤੇ। ਦਰਅਸਲ, ਅੱਜ ਸੰਗਰੂਰ ਵਿਖੇ ਪੁੱਜੇ ਗੁਰਪ੍ਰੀਤ ਘੁੱਗੀ ਨੇ ਕਾਂਗਰਸ ਵਲੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਤੋਂ ਕਾਂਗਰਸ ਲਈ ਵੋਟਾਂ ਮੰਗੀਆਂ ਅਤੇ ਅਪਣੇ ਵਿਰੋਧੀ ਸਾਥੀਆਂ ਨੂੰ ਰੱਜ ਕੇ ਭੰਡਿਆ।

ਇਸ ਦੌਰਾਨ ਘੁੱਗੀ ਨੇ ਭਗਵੰਤ ਮਾਨ ਦੀ ਸ਼ਰਾਬ ਅਤੇ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਹਾਲਾਂਕਿ ਗੁਰਪ੍ਰੀਤ ਘੁੱਗੀ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਉਸ ਦਾ ਇਥੇ ਆਉਣ ਦਾ ਕੋਈ ਸਿਆਸੀ ਕਾਰਨ ਨਹੀਂ ਹੈ, ਉਨ੍ਹਾਂ ਦਾ ਢਿੱਲੋਂ ਪਰਵਾਰ ਨਾਲ ਨਿੱਜੀ ਪ੍ਰੇਮ-ਪਿਆਰ ਦਾ ਰਿਸ਼ਤਾ ਹੈ, ਜਿਸ ਕਰਕੇ ਉਹ ਇਥੇ ਆਏ ਹਨ। ਇਸ ਮੌਕੇ ਕੇਵਲ ਸਿੰਘ ਢਿੱਲੋਂ ਦੇ ਪੁੱਤਰ ਕਰਨ ਢਿੱਲੋਂ ਨੇ ਵੀ ਗੁਰਪ੍ਰੀਤ ਘੁੱਗੀ ਨੂੰ ਪਰਵਾਰਕ ਮਿੱਤਰ ਦੱਸਿਆ।

ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਦਾ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਨ ਤੋਂ ਲੰਮੇ ਸਮੇਂ ਮਗਰੋਂ ਇਸ ਤਰ੍ਹਾਂ ਸਿਆਸੀ ਸਟੇਜ ਉਤੇ ਵਿਖਾਈ ਦੇਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਘੁੱਗੀ ਨੇ ਫ਼ਿਲਹਾਲ ਸਿਆਸਤ ਵਿਚ ਨਾ ਆਉਣ ਦੀ ਗੱਲ ਵੀ ਕਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਸਿਆਸੀ ਪਾਰਟੀਆਂ ਅੱਡੀ ਤੋਂ ਲੈ ਕੇ ਚੋਟੀ ਤੱਕ ਦਾ ਜ਼ੋਰ ਵੋਟਰਾਂ ਨੂੰ ਅਪਣੇ ਪੱਖ ਵਿਚ ਖੜ੍ਹਾ ਕਰਨ ਲਈ ਲਗਾ ਰਹੀਆਂ ਹਨ। ਹੁਣ 23 ਮਈ ਨੂੰ ਚੋਣ ਨਤੀਜਿਆ ਦੌਰਾਨ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਪਾਰਟੀ ਜਿੱਤ ਦਾ ਝੰਡਾ ਚੁੱਕ ਉੱਭਰ ਕੇ ਸਾਹਮਣੇ ਆਉਂਦੀ ਹੈ।