ਬਠਿੰਡਾ ਪਹੁੰਚ ਬੱਦਲਾਂ ਵਾਂਗ ਗਰਜਿਆ ਸਿੱਧੂ, ਕਿਹਾ- ਬਾਦਲਾਂ ਦਾ ਤਖ਼ਤਾ ਪਲਟਾ ਕੇ ਰਹੂੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

17 ਮਈ ਨੂੰ ਸਿੱਧੂ ਕਰਨਗੇ ਬਠਿੰਡਾ ’ਚ ਰੈਲੀਆਂ

Navjot Singh Sidhu

ਬਠਿੰਡਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਅੱਜ ਬਠਿੰਡਾ ਵਿਖੇ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਇੱਥੇ ਪਹੁੰਚ ਕੇ ਸਿੱਧੂ ਨੇ ਜੱਮ ਕੇ ਅਕਾਲੀ ਦਲ (ਬ) ’ਤੇ ਤਿੱਖੇ ਨਿਸ਼ਾਨੇ ਸਾਧੇ।

ਸਿੱਧੂ ਨੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲਾਂ ਨੂੰ ਇੱਥੋਂ ਭਜਾਉਣਾ ਪਵੇਗਾ ਤੇ ਇਸ ਵਾਰ ਉਹ ਪੰਜਾਬ ਨੂੰ ਬਚਾਉਣ ਲਈ ਪ੍ਰਿਯੰਕਾ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਹ ਬਠਿੰਡਾ ਸੀਟ ਤੋਂ 17 ਮਈ ਨੂੰ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀਆਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ਰਾਜਾ ਵੜਿੰਗ ਨੇ ਕਿਹਾ ਤਾਂ 10 ਰੈਲੀਆਂ ਕਰ ਦੇਣਗੇ ਪਰ ਬਾਦਲਾਂ ਦਾ ਤਖ਼ਤਾ ਪਲਟਾ ਕੇ ਰਹਿਣਗੇ। ਸਿੱਧੂ ਨੇ ਪ੍ਰਣ ਲੈਂਦਿਆਂ ਕਿਹਾ ਕਿ ਜੇ ਮੈਂ ਅਪਣੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਮੈਂ ਹਮੇਸ਼ਾ ਲਈ ਰਾਜਨੀਤੀ ਛੱਡ ਦੇਵਾਂਗਾ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਕਰਕੇ ਖ਼ਫ਼ਾ ਸੀ ਤੇ ਦੂਜੇ ਪਾਸਿਓ ਪੰਜਾਬ ਮਾਮਲਿਆਂ ਦੀ ਇੰਜਾਰਜ ਆਸ਼ਾ ਕੁਮਾਰੀ ਨੇ ਵੀ ਸਾਫ਼ ਕਿਹਾ ਸੀ ਕਿ ਸਿੱਧੂ ਤੋਂ ਬਿਨਾਂ ਵੀ ਪੰਜਾਬ ਵਿਚ 13 ਦੀਆਂ 13 ਸੀਟਾਂ ਜਿੱਤ ਸਕਦੇ ਹਨ। ਦੱਸ ਦਈਏ ਕਿ ਡਾ. ਨਵਜੋਤ ਕੌਰ ਸਿੱਧੂ ਨੇ ਵੀ ਅੱਜ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਕੈਪਟਨ ਸਾਬ੍ਹ ਤੇ ਆਸ਼ਾ ਕੁਮਾਰੀ ਜੀ ਨੂੰ ਇਹ ਲੱਗਦਾ ਹੈ ਕਿ ਮੈਡਮ ਸਿੱਧੂ ਇੰਨੇ ਯੋਗ ਤੇ ਕਾਬਿਲ ਨਹੀਂ ਹਨ ਕਿ ਉਨ੍ਹਾਂ ਨੂੰ ਇਕ ਟਿਕਟ ਵੀ ਦਿਤੀ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਇਹ ਸੋਚ ਕੇ ਮੇਰੀ ਟਿਕਟ ਕਟਵਾ ਦਿਤੀ ਕਿ ਅੰਮ੍ਰਿਤਸਰ ਵਿਚ ਵਾਪਰੇ ਦੁਸਹਿਰਾ ਹਾਦਸੇ ਕਾਰਨ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਜਿੱਤ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੇ ਵਿਰੋਧ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। 

ਸਿੱਧੂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਉਮੀਦਵਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਚੋਣ ਪ੍ਰਚਾਰ ਕਰਨ ਲਈ ਬੇਨਤੀ ਜ਼ਰੂਰ ਕੀਤੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਲੋਂ ਚੋਣ ਪ੍ਰਚਾਰ ਲਈ ਕੋਈ ਸੱਦਾ ਨਹੀਂ ਦਿਤਾ ਗਿਆ ਹੈ।