ਪੀਐਮ ਮੋਦੀ ’ਤੇ ਨਵਜੋਤ ਸਿੰਘ ਸਿੱਧੂ ਦੇ ਹਮਲੇ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ’ਤੇ ਤਿੱਖੇ ਵਾਰ

Navjot Singh Sidhu slams PM Modi over unemployment issue

ਨਵੀਂ ਦਿੱਲੀ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਇੰਦੌਰ ਦੇ ਸਿੰਧੀ ਕਲੋਨੀ ਵਿਚ ਕਾਂਗਰਸ ਦੀ ਚੋਣ ਸਭਾ ਵਿਚ ਮੋਦੀ ’ਤੇ ਤਿੱਖੇ ਵਾਰ ਕੀਤੇ। ਉਹਨਾਂ ਨੇ ਮੋਦੀ ਨੂੰ ਕਿਹਾ ਕਿ ਜੇਕਰ ਉਹਨਾਂ ਵਿਚ ਹਿੰਮਤ ਹੈ ਤਾਂ ਉਹ ਰੁਜ਼ਗਾਰ, ਨੋਟਬੰਦੀ ਅਤੇ ਜੀਐਸਟੀ ਵਰਗੇ ਮੁੱਦਿਆਂ ’ਤੇ ਚੋਣਾਂ ਲੜਨ ਪਰ ਉਹ ਅਜਿਹਾ ਨਹੀਂ ਕਰ ਸਕਦੇ। ਉਹ ਲੋਕਾਂ ਨੂੰ ਜਾਤਾਂ ਪਾਤਾਂ ਅਤੇ ਧਰਮ ਵਿਚ ਵੰਡ ਕੇ ਉਹਨਾਂ ਨੂੰ ਚੋਣਾਂ ਲਈ ਇਸਤੇਮਾਲ ਕਰ ਰਹੇ ਹਨ।

ਉਹਨਾਂ ਨੇ ਭਾਰਤ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਹਨ ਜਿਹਨਾਂ ਨੂੰ ਹੁਣ ਤਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਨੇ ਗੰਗਾ ਨਦੀ ਦੀ ਸਫ਼ਾਈ, ਦੋ ਕਰੋੜ ਲੋਕਾਂ ਨੂੰ ਨੌਕਰੀਆਂ ਅਤੇ ਵਿਦੇਸ਼ਾਂ ਵਿਚ ਕਾਲੇ ਧਨ ਨੂੰ ਭਾਰਤ ਲਿਆਉਣ ਦੇ ਵਾਅਦੇ ਕੀਤੇ ਸਨ ਪਰ ਉਹ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੇ ਹਨ। ਮੋਦੀ ਸਿਰਫ ਝੂਠ ਬੋਲ ਸਕਦੇ ਹਨ। ਉਹਨਾਂ ਦੀ ਪਾਰਟੀ ਵੀ ਝੂਠੀ ਹੈ।

ਉਹਨਾਂ ਨੇ ਮੋਦੀ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਮੈਂ ਹੀਰੋ ਨੰਬਰ ਵਨ, ਕੁਲੀ ਨੰਬਰ ਵਨ ਅਤੇ ਬੀਵੀ ਨੰਬਰ ਵਨ ਵਰਗੀਆਂ ਫ਼ਿਲਮਾਂ ਦੇਖੀਆਂ ਹਨ ਪਰ ਇਕ ਨਵੀਂ ਫ਼ਿਲਮ ਆ ਰਹੀ ਹੈ ਫੇਂਕੂ ਨੰਬਰ ਵਨ। ਸਿੱਧੂ ਨੇ ਅਪਣੇ ਸ਼ਾਇਰੀ ਅੰਦਾਜ਼ ਵਿਚ ਮੋਦੀ ਬਾਰੇ ਕਿਹਾ ਨਾ ਰਾਮ ਮਿਲਿਆ, ਨਾ ਰੁਜ਼ਗਾਰ ਮਿਲਿਆ, ਹਰ ਗਲੀ ਵਿਚ ਮੋਬਾਇਲ ਚਲਾਉਂਦਾ ਇਕ ਬੇਰੁਜ਼ਗਾਰ ਮਿਲਿਆ।

ਰਾਫੇਲ ਸੌਦੇ ’ਤੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਾਂਗਰਸ ਆਗੂ ਸਿੱਧੂ ਨੇ ਕਿਹਾ ਕਿ ਮੋਦੀ ਦੇਸ਼ ਦੇ ਲੋਕਾਂ ਨੂੰ ਕਹਿੰਦੇ ਸਨ ਕਿ ਉਹ ਦੁਕਾਨਦਾਰ ਤੋਂ 10 ਰੁਪਏ ਦੇ ਪਿੰਨ ਦਾ ਵੀ ਬਿਲ ਲੈਣ ਪਰ ਜਦੋਂ ਰਾਫੇਲ ਦੀ ਗੱਲ ਆਉਂਦੀ ਹੈ ਤਾਂ ਉਹ ਘਬਰਾਉਂਦੇ ਕਿਉਂ ਹਨ।