ਮੋਦੀ ਸਭ ਤੋਂ ਵੱਡਾ ਐਕਟਰ ਹੈ ਜਿਸ ਨੇ 5 ਸਾਲ ਝੂਠ ਬੋਲ ਕੇ ਗੁਜ਼ਾਰੇ : ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿਯੰਕਾ ਵਲੋਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਪਠਾਨਕੋਟ 'ਚ ਰੋਡ ਸ਼ੋਅ

Priyanka Gandhi during road show at Pathankot

ਪਠਾਨਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਖੌਤੀ ਰਾਸ਼ਟਰਵਾਦ 'ਤੇ ਤਿੱਖਾ ਹਮਲਾ ਕਰਦੇ ਹੋਏ ਕੁਲ ਹਿੰਦ ਕਾਂਰਗਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਗੁਰਦਾਸਪੁਰੀਆਂ ਤੋਂ ਪੁੱਛਿਆ ਕਿ ਕੀ ਉਹ ਸ਼ਹੀਦਾਂ 'ਤੇ ਸਿਆਸਤ ਕਰਨ ਵਾਲੇ ਨੂੰ ਪ੍ਰਧਾਨ ਮੰਤਰੀ ਚਾਹੁੰਦੇ ਹਨ ਜਾਂ ਸ਼ਹੀਦ ਪ੍ਰਧਾਨ ਮੰਤਰੀ ਦੇ ਪੁੱਤਰ (ਰਾਹੁਲ ਗਾਂਧੀ) ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਠਾਨਕੋਟ ਵਿਖੇ ਇਕ ਰੋਡ ਸ਼ੋਅ ਦੀ ਅਗਵਾਈ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੋਦੀ ਸਭ ਤੋਂ ਵੱਡਾ ਐਕਟਰ ਹੈ ਜਿਸ ਨੇ ਪਿਛਲੇ ਪੰਜ ਸਾਲ ਝੂਠ ਦੀ ਮੁਹਿੰਮ ਕਰਦੇ ਹੋਏ ਗੁਜ਼ਾਰੇ ਹਨ। ਉਸ ਨੇ ਅਜਿਹਾ ਕਰਦੇ ਹੋਏ ਸ਼ਹੀਦਾਂ ਜਾਂ ਸਾਬਕਾ ਫ਼ੌਜੀਆਂ ਨੂੰ ਵੀ ਨਹੀਂ ਬਖ਼ਸ਼ਿਆ। ਸਾਬਕਾ ਫ਼ੌਜੀਆਂ ਲਈ ਇਕ ਰੈਂਕ ਇਕ ਪੈਨਸ਼ਨ ਦੇ ਤੋਹਫੇ ਦਾ ਦਾਅਵਾ ਕਰ ਕੇ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਦਾ ਸਿਆਸੀਕਰਨ ਕਰਨ ਲਈ ਵੀ ਪ੍ਰਿਯੰਕਾ ਗਾਂਧੀ ਨੇ ਮੋਦੀ ਦੀ ਆਲੋਚਨਾ ਕੀਤੀ।

ਵਾਲਮੀਕਿ ਚੌਂਕ ਵਿਖੇ ਇਕ ਟਰੱਕ ਤੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦਾ ਜ਼ਿਕਰ ਕਰਦਿਆਂ ਗੁਰਦਾਸਪੁਰੀਆਂ ਨੂੰ ਪੁਛਿਆ ਕਿ ਕੀ ਉਹ ਇਕ ਨੇਤਾ ਚਾਹੁੰਦੇ ਹਨ ਜਾਂ ਅਭਿਨੇਤਾ। ਉਨ੍ਹਾਂ ਨੇ ਜਾਖੜ ਦੇ ਇਕ ਅਸਲੀ ਨੇਤਾ ਹੋਣ ਦੀ ਗੱਲ ਆਖੀ। ਮੋਦੀ ਦੀਆਂ ਨੌਟੰਕੀਆਂ ਅਤੇ ਫਰੇਬ 'ਤੇ ਟਿੱਪਣੀ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਲੋਕਾਂ ਨੇ ਇਕ 'ਅਭਿਨੇਤਾ' ਨੂੰ ਵੋਟਾਂ ਪਾ ਕੇ ਉਸ ਨੂੰ ਸੱਤਾ ਵਿੱਚ ਲਿਆਂਦਾ ਸੀ ਪਰ ਉਸ ਨੇ ਪੰਜ ਸਾਲ ਲੋਕਾਂ ਨੂੰ ਬੇਵਕੂਫ ਬਣਾਇਆ।

ਉਨ੍ਹਾਂ ਕਿਹਾ ਕਿ ਮੋਦੀ ਨਾ ਹੀ ਭਾਰਤ ਬਾਰੇ ਸੋਚਦਾ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਅਤੇ ਕਿਸਾਨਾਂ ਬਾਰੇ। ਉਹ ਸਿਰਫ ਪਾਕਿਸਤਾਨ ਬਾਰੇ ਹੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਪਿਛਲੇ ਪੰਜ ਸਾਲ ਲੋਕਾਂ ਨੂੰ ਮੁਰਖ ਬਣਾਉਣ ਅਤੇ ਝੂਠ ਬੋਲਣ ਵਿੱਚ ਹੀ ਗੁਜ਼ਾਰੇ ਹਨ। ਮੋਦੀ ਨੂੰ ਇਕ ਘੁਮੰਡੀ ਵਿਅਕਤੀ ਦੱਸਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੰਕਾਰ ਸੌੜੀ ਮਾਨਸਿਕਤਾ ਦਾ ਨਤੀਜਾ ਹੈ।  ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਰਾਸ਼ਟਰਵਾਦ ਦੀ ਗੱਲ ਕਰਦੀ ਹੈ ਅਤੇ ਇਕ ਰੈਂਕ ਇਕ ਪੈਨਸ਼ਨ ਨੂੰ ਤੋਹਫਾ ਦੱਸਦੀ ਹੈ।

ਪਿਯੰਕਾ ਨੇ ਰਫੇਲ ਸੌਦੇ ਦੇ ਸਬੰਧ ਵਿੱਚ ਵੀ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਜਿਸ ਦੇ ਰਾਹੀਂ ਉਹ ਇਸ ਖੇਤਰ ਦੀ ਕੋਈ ਵੀ ਤਜ਼ੁਰਬਾ ਨਾ ਰੱਖਣ ਵਾਲੀ ਇਕ ਕੰਪਨੀ ਨੂੰ ਠੇਕਾ ਦੇ ਕੇ ਦੇਸ਼ ਦਾ ਸਭ ਤੋਂ ਵੱਡਾ ਰੱਖਿਆ ਮਾਹਰ ਬਣ ਗਿਆ। ਉਹ ਇਕ ਅਜਿਹਾ ਸਭ ਤੋਂ ਵੱਡਾ ਰਾਸ਼ਟਰਵਾਦੀ ਹੈ ਜਿਸ ਕੋਲ ਆਪਣੇ ਦੇਸ਼ ਦੇ ਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਲਈ ਕੋਈ ਵੀ ਸਮਾਂ ਨਹੀਂ ਹੈ। ਇਸ ਦੇ ਉਲਟ ਉਹ ਦੁਨੀਆ ਭਰ ਦੇ ਦੌਰਿਆਂ 'ਤੇ ਜਾਂਦਾ ਹੈ ਅਤੇ ਵਿਸ਼ਵ ਲੀਡਰਾਂ ਨੂੰ ਜੱਫੀਆਂ ਪਾਉਂਦਾ ਹੈ।

ਇਸ ਰੋਡ ਸ਼ੋਅ ਵਿਚ ਕਾਂਗਰਸੀ ਜਨਰਲ ਸਕੱਤਰ ਆਸ਼ਾ ਕੁਮਾਰੀ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਰੋਡ ਸ਼ੋਅ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ। ਪ੍ਰਿਯੰਕਾ ਅਤੇ ਮੁੱਖ ਮੰਤਰੀ ਦੀ ਖਿੱਚ ਕਾਰਨ ਔਰਤਾਂ ਦਾ ਵੱਡਾ ਇਕੱਠ ਸੀ ਜਦਕਿ ਨੌਜਵਾਨ ਮੋਦੀ ਵਿਰੁੱਧ ਨਾਰੇ ਲਾ ਰਹੇ ਸਨ। ਇਸ ਮੌਕੇ ਵੱਜ ਰਹੇ ਢੋਲ ਲੋਕਾਂ ਵਿੱਚ ਉਤਸ਼ਾਹ ਭਰ ਰਹੇ ਸਨ ਜਿਸ ਤੋਂ ਇਸ ਖੇਤਰ ਵਿੱਚ ਕਾਂਗਰਸ ਦੇ ਵੱਡੇ ਸਮਰਥਨ ਦਾ ਪ੍ਰਗਟਾਵਾ ਹੁੰਦਾ ਸੀ।