ਸੰਵਿਧਾਨ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ : ਪ੍ਰਿਯੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਮੈਨੀਫ਼ੈਸਟੋ ਵਿਚ ਧਰਮਾਂ ਲਈ ਕੋਈ ਥਾਂ ਨਹੀਂ

Priyanka Gandhi Vadra during a roadshow in Silchar, Assam

ਸਿਲਚਰ : ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਅਤੇ ਇਸ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਸਾਮ ਦੇ ਸਿਲਚਰ ਵਿਖੇ ਕਾਂਗਰਸ ਉਮੀਦਵਾਰ ਸੁਸ਼ਮਿਤਾ ਦੇਵ ਦੇ ਹੱਕ ਵਿਚ ਰੋਡ ਸ਼ੋਅ ਕਰਦਿਆਂ ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਆਂ ਦੀ ਯਾਤਰਾ ਕੀਤੀ ਪਰ ਅਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਬੜੀ ਮੁਸ਼ਕਲ ਨਾਲ ਬਹੁਤ ਥੋੜਾ ਸਮਾਂ ਬਿਤਾਇਆ ਹੈ।

ਉਨ੍ਹਾਂ ਕਿਹਾ ਕਿ ਅੱਜ ਮਹਾਪੁਰਸ਼ ਬੀ ਆਰ ਅੰਬੇਦਕਰ ਦੀ ਜਯਤੀ ਹੈ। ਉਨ੍ਹਾਂ ਸੰਵਿਧਾਨ ਰਾਹੀਂ ਇਸ ਦੇਸ਼ ਦੀ ਬੁਨਿਆਦ ਰੱਖੀ ਸੀ। ਹਰ ਨੇਤਾ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਦਾ ਸਨਮਾਨ ਕੀਤਾ ਜਾਵੇ। ਪ੍ਰਿਯੰਕਾ ਨੇ ਕਿਹਾ, 'ਅੱਜ ਤੁਸੀਂ ਆਪ ਵੇਖ ਰਹੇ ਹੋ ਕਿ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਅਤੇ ਇਸ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਭਾਜਪਾ ਦੇ ਚੋਣ ਮਨੋਰਥ ਪੱਤਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਵੱਖ ਵੱਖ ਸਭਿਆਚਾਰਾਂ ਅਤੇ ਧਰਮਾਂ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰਾਣਸੀ ਦੀ ਜਨਤਾ ਨੇ ਉਸ ਨੂੰ ਦਸਿਆ ਕਿ ਮੋਦੀ ਨੇ ਪਿਛਲੇ ਪੰਜ ਸਾਲ ਵਿਚ ਉਥੇ ਕਿਸੇ ਨਾਲ ਪੰਜ ਮਿੰਟ ਦਾ ਸਮਾਂ ਨਹੀਂ ਬਿਤਾਇਆ। ਪ੍ਰਿਯੰਕਾ ਨੇ ਕਿਹਾ, 'ਉਹ ਅਮਰੀਕਾ ਜਾ ਕੇ ਲੋਕਾਂ ਨੂੰ ਗਲ ਮਿਲੇ। ਚੀਨ ਗਏ ਅਤੇ ਉਥੇ ਵੀ ਗਲ ਮਿਲੇ। ਰੂਸ ਅਤੇ ਅਫ਼ਰੀਕਾ ਜਾ ਕੇ ਗਲ ਮਿਲੇ। ਜਾਪਾਨ ਜਾ ਕੇ ਡਰੱਮ ਵਜਾਇਆ। ਪਾਕਿਸਤਾਨ ਵਿਚ ਬਰਿਆਨੀ ਖਾਧੀ ਪਰ ਅਪਣੇ ਹਲਕੇ ਦੇ ਲੋਕਾਂ ਨੂੰ ਇਕ ਵਾਰ ਵੀ ਨਹੀਂ ਮਿਲੇ, ਉਨ੍ਹਾਂ ਦਾ ਹਾਲ ਨਹੀਂ ਜਾਣਿਆ।' (ਏਜੰਸੀ)