ਪ੍ਰਿਯੰਕਾ ਨੇ ਮੋਦੀ ਦੀ ਕੀਤੀ ਦੁਰਯੋਧਨ ਨਾਲ ਤੁਲਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਜਬ ਨਾਸ਼ ਮਨੁਜ ਪਰ ਛਾਤਾ ਹੈ, ਪਹਿਲੇ ਵਿਵੇਕ ਮਰ ਜਾਤਾ ਹੈ'

Priyanka Gandhi compares PM Modi with 'Duryodhan'

ਅੰਬਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਹਾਭਾਰਤ ਦੇ ਪਾਤਰ ਦੁਰਯੋਧਨ ਵਿਚ ਵੀ ਬਹੁਤ ਹੰਕਾਰ ਸੀ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀ ਨੰਬਰ ਵਨ ਦੱਸਣ ਲਈ ਵੀ ਮੋਦੀ ਦੀ ਆਲੋਚਨਾ ਕੀਤੀ। ਉਨ੍ਹਾਂ ਮੋਦੀ ਨੂੰ ਚੁਨੌਤੀ ਦਿਤੀ ਕਿ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਬਜਾਏ ਉਹ ਵਿਕਾਸ ਜਿਹੇ ਮੁੱਦਿਆਂ 'ਤੇ ਲੋਕ ਸਭਾ ਚੋਣ ਲੜਨ।

ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ, 'ਇਸ ਦੇਸ਼ ਨੇ ਹੰਕਾਰ ਅਤੇ ਹਉਮੈ ਨੂੰ ਕਦੇ ਮਾਫ਼ ਨਹੀਂ ਕੀਤਾ। ਇਤਿਹਾਸ ਇਸ ਦਾ ਗਵਾਹ ਹੈ, ਮਹਾਭਾਰਤ ਇਸ ਦਾ ਗਵਾਹ ਹੈ। ਦੁਰਯੋਧਨ ਵਿਚ ਵੀ ਅਜਿਹਾ ਹੀ ਹੰਕਾਰ ਸੀ। ਜਦ ਭਗਵਾਨ ਕ੍ਰਿਸ਼ਨ ਉਸ ਨੂੰ ਸਮਝਾਉਣ ਗਏ ਤਾਂ ਉਸ ਨੇ ਉਨ੍ਹਾਂ ਨੂੰ ਬੰਧਕ ਬਣਾਉਣ ਦਾ ਯਤਨ ਕੀਤਾ।' ਪ੍ਰਿਯੰਕਾ ਨੇ ਹਿੰਦੀ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਕਵਿਤਾ ਦੀਆਂ ਸਤਰਾਂ ਵੀ ਪੜ੍ਹੀਆਂ-ਜਬ ਨਾਸ਼ ਮਨੁਜ ਪਰ ਛਾਤਾ ਹੈ, ਪਹਿਲੇ ਵਿਵੇਕ ਮਰ ਜਾਤਾ ਹੈ।

ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਅੰਦਰ ਸਾਹਸ ਹੈ ਤਾਂ ਉਨ੍ਹਾਂ ਨੂੰ ਵਿਕਾਸ, ਰੁਜ਼ਗਾਰ, ਕਿਸਾਨਾਂ ਅਤੇ ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਲੋਕ ਸਭਾ ਚੋਣ ਲੜਨੀ ਚਾਹੀਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਦਸਣਾ ਚਾਹੀਦਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਲੋਕਾਂ ਲਈ ਕੀ ਕੀਤਾ ਹੈ ਅਤੇ ਭਵਿੱਖ ਵਿਚ ਉਨ੍ਹਾਂ ਦੀ ਕੀ ਕਰਨ ਦੀ ਯੋਜਨਾ ਹੈ? ਉਨ੍ਹਾਂ ਕਿਹਾ, 'ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ ਭਾਜਪਾ ਦੇ ਵੱਡੇ ਆਗੂ ਹੋ, ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਨਹੀਂ ਤਾਂ ਲੋਕ ਤੁਹਾਨੂੰ ਸਬਕ ਸਿਖਾਉਣਗੇ।