ਜਾਖੜ ਦੇ ਹੱਕ ’ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ, ਸੜਕਾਂ ਕੀ ਕੋਠਿਆਂ ’ਤੇ ਵੀ ਲੋਕ ਹੀ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਾਂਗਰਸ ਨੂੰ ਸਮਰਥਨ ਦੇਣ ਉਤਰੇ ਸੜਕਾਂ ’ਤੇ

Priyanka Gandhi's Road Show

ਪਠਾਨਕੋਟ: ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਜਾਖੜ ਦੇ ਹੱਕ ਵਿਚ ਪਠਾਨਕੋਟ ’ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸੜਕਾਂ ’ਤੇ ਭੀੜ ਹੀ ਭੀੜ ਸੀ। ਇਸ ਦੌਰਾਨ ਲਗਭੱਗ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪ੍ਰਿਅੰਕਾ ਗਾਂਧੀ ਦੇ ਸਵਾਗਤ ਲਈ ਸੜਕਾਂ ’ਤੇ ਉਤਰ ਆਏ। ਇਸ ਰੋਡ ਸ਼ੋਅ ਵਿਚ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਕਾਂਗਰਸੀ ਨੇਤਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਇਹ ਰੋਡ ਸ਼ੋਅ ਪਠਾਨਕੋਟ ਦੇ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਕੀਤਾ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਲੰਘਦਾ ਹੋਇਆ ਵਾਲਮੀਕਿ ਚੌਂਕ ਵਿਚ ਸਮਾਪਤ ਹੋਇਆ। ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਇਸ ਇਕੱਠ ਵਿਚ ਸ਼ਾਮਲ ਹੋ ਕੇ ਕਾਂਗਰਸ ਨੂੰ ਭਰਵਾਂ ਹੁੰਗਾਰਾ ਦਿਤਾ ਤੇ ਕਾਂਗਰਸ ਨੂੰ ਸਮਰਥਨ ਦਿਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਬਠਿੰਡਾ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਗਏ ਸਨ। ਉੱਥੇ ਉਨ੍ਹਾਂ ਨੇ ਰੱਜ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਰਗੜੇ ਲਾਏ। ਪ੍ਰਿਅੰਕਾ ਨੇ ਮੋਦੀ ਨੂੰ ਕਈ ਵੱਖ-ਵੱਖ ਮੁੱਦਿਆਂ ’ਤੇ ਘੇਰਿਆ ਅਤੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ।