ਬਠਿੰਡਾ ਪਹੁੰਚ ਪ੍ਰਿਅੰਕਾ ਗਾਂਧੀ ਨੇ ਰੱਜ ਕੇ ਲਾਏ ਮੋਦੀ ਨੂੰ ਰਗੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਕੋਲ ਦੇਸ਼ਾਂ-ਵਿਦੇਸ਼ਾਂ ’ਚ ਦੌਰੇ ਕਰਨ ਦਾ ਸਮਾਂ ਸੀ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ 5 ਮਿੰਟ ਨਾ ਕੱਢ ਸਕੇ: ਪ੍ਰਿਅੰਕਾ

Priyanka Gandhi

ਬਠਿੰਡਾ: ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅੱਜ ਬਠਿੰਡਾ ਸੀਟ ਤੋਂ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਪਹੁੰਚੇ। ਇਸ ਮੌਕੇ ਪੰਜਾਬ ਦੇ ਪ੍ਰਧਾਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਪ੍ਰਿਅੰਕਾ ਗਾਂਧੀ ਨੇ ਇਸ ਦੌਰਾਨ ਅਪਣੇ ਵਿਰੋਧੀਆਂ ਨੂੰ ਬੇਅਦਬੀ, ਨੋਟਬੰਦੀ, ਜੀ.ਐਸ.ਟੀ. ਕਰਜ਼ਾ ਮਾਫ਼ੀ ਆਦਿ ਕਈ ਮੁੱਦਿਆ ’ਤੇ ਘੇਰਿਆ ਤੇ ਰੱਜ ਕੇ ਰਗੜੇ ਲਾਏ।

ਪ੍ਰਿਅੰਕਾ ਗਾਂਧੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਵਿਚ “ਬੋਲੇ ਸੋ ਨਿਹਾਲ” ਦਾ ਜੈਕਾਰਾ ਲਗਾਉਂਦੇ ਹੋਏ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹਰ ਮੁਸ਼ਕਿਲ ਦਾ ਸਾਹਮਣਾ ਡੱਟ ਕੇ ਤੇ ਹੱਸ ਕੇ ਕੀਤਾ ਹੈ। ਮੈਂ ਪੰਜਾਬੀਆਂ ਦੀ ਧਰਤੀ ਤੇ ਪੰਜਾਬੀਆਂ ਦੀ ਕੌਮ ਨੂੰ ਸਲਾਮ ਕਰਦੀ ਹਾਂ। ਪੰਜਾਬੀ ਕੌਮ ਸਦਾ ਖੁਸ਼ ਰਹਿ ਕੇ ਚੜ੍ਹਦੀ ਕਲਾ ਵਿਚ ਰਹਿੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਭਾਸ਼ਣ ਹਿੰਦੀ ਭਾਸ਼ਾ ਵਿਚ ਸ਼ੁਰੂ ਕੀਤਾ ਤੇ ਜੱਮ ਕੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨੇ ਸਾਧੇ।

ਪ੍ਰਿਅੰਕਾ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਇੱਥੇ ਆਏ ਸੀ ਤੇ ਇਸੇ ਮੈਦਾਨ ਵਿਚ ਉਨ੍ਹਾਂ ਦੀ ਮੀਟਿੰਗ ਹੋਈ ਤੇ ਇਹ ਵੀ ਸੁਣਿਆ ਹੈ ਕਿ ਉਨ੍ਹਾਂ ਦੇ ਝੂਠਾ ਦੇ ਸਿਲਸਿਲੇ ਦਾ ਜਵਾਬ ਬਠਿੰਡਾ ਦੇ ਆਸਮਾਨ ਨੇ ਦਿਤਾ। ਉਨ੍ਹਾਂ ਕਿਹਾ ਕਿ ਭਾਵੇਂ ਹਨ੍ਹੇਰੀ ਹੋਵੇ ਜਾਂ ਤੂਫ਼ਾਨ ਹੋਵੇ, ਬੱਦਲ ਹੋਣ ਚਾਹੇ ਮੀਂਹ ਪਵੇ ਪਰ ਲੋਕਾਂ ਨੂੰ ਮੋਦੀ ਦੀ ਸੱਚਾਈ ਸਮਝ ਆ ਗਈ ਹੈ। ਪ੍ਰਿਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਹੀ ਕਰਨੀਆਂ ਆਉਂਦੀਆਂ ਹਨ ਤੇ ਵੱਡੇ ਵੱਡੇ ਵਾਅਦੇ ਕਰਨੇ ਆਉਂਦੇ ਹਨ।

2014 ਵਿਚ ਮੋਦੀ ਨੇ 15-15 ਲੱਖ ਹਰ ਭਾਰਤੀ ਦੇ ਖਾਤੇ ਵਿਚ ਪਾਉਣ ਦੀ ਗੱਲ ਕਹੀ ਸੀ ਪਰ ਕੀ ਹੋਇਆ ਕਿਸੇ ਦੇ ਖਾਤੇ ਵਿਚ ਕੁਝ ਨਹੀਂ ਆਇਆ। ਮੋਦੀ ਨੇ ਕਿਹਾ ਸੀ ਕਿ ਹਰ ਸਾਲ ਨੌਜਵਾਨਾਂ ਦੇ ਲਈ 2 ਕਰੋੜ ਰੁਜ਼ਗਾਰ ਬਣਾਏ ਜਾਣਗੇ ਪਰ ਉਲਟਾ 5 ਕਰੋੜ ਰੁਜ਼ਗਾਰ ਘੱਟ ਗਏ। ਇਨ੍ਹਾਂ ਦੀ ਨੋਟਬੰਦੀ ਦੀ ਨੀਤੀ ਨਾਲ 50 ਲੱਖ ਰੁਜ਼ਗਾਰ ਘੱਟ ਗਏ, ਇਨ੍ਹਾਂ ਦੇ ਸ਼ਾਸਨਕਾਲ ਵਿਚ 24 ਲੱਖ ਸਰਕਾਰੀ ਰੁਜ਼ਗਾਰ ਖ਼ਾਲੀ ਪਏ ਹਨ। ਮੋਦੀ ਦੇ ਰਾਜ ਵਿਚ ਨਾ ਕਿਸਾਨਾਂ ਨੂੰ ਰਾਹਤ ਮਿਲੀ ਤੇ ਨਾ ਹੀ ਉਨ੍ਹਾਂ ਦੀ ਆਮਦਨੀ ਦੁੱਗਣੀ ਹੋਈ ਸਗੋਂ ਇਨ੍ਹਾਂ ਦੇ ਸ਼ਾਸਨਕਾਲ ਵਿਚ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਾਂ-ਵਿਦੇਸ਼ਾਂ ਦੇ ਦੌਰੇ ਕੀਤੇ ਪਰ ਭਾਰਤ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ 5 ਮਿੰਟ ਨਹੀਂ ਕੱਢ ਸਕੇ। ਪ੍ਰਿਅੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਰਕੇ ਕਿਹਾ ਸੀ ਕਿ ਦੁਨੀਆਂ ਭਰ ਦਾ ਕਾਲਾ ਧਨ ਦੇਸ਼ ਵਿਚ ਵਾਪਸ ਆ ਜਾਵੇਗਾ ਪਰ ਕੀ ਹੋਇਆ, ਇਕ ਵੀ ਰੁਪਇਆ ਦੇਸ਼ ਵਿਚ ਵਾਪਸ ਨਹੀਂ ਆਇਆ ਸਗੋਂ ਲੋਕਾਂ ਨੂੰ ਬੈਂਕਾਂ ਅੱਗੇ ਲਾਈਨਾਂ ਵਿਚ ਖੜ੍ਹਨਾ ਪਿਆ। ਪਰ ਉਦੋਂ ਇਕ ਵੀ ਭਾਜਪਾ ਦਾ ਨੇਤਾ ਲਾਈਨਾਂ ਵਿਚ ਖੜ੍ਹਾ ਨਹੀਂ ਹੋਇਆ, ਇਕ ਵੀ ਅਮੀਰ ਉਦਯੋਗਪਤੀ ਲਾਈਨਾਂ ਵਿਚ ਨਹੀਂ ਲੱਗਿਆ ਸਿਰਫ਼ ਇਕ ਨੇਤਾ ਨੂੰ ਛੱਡ ਕੇ, ਰਾਹੁਲ ਗਾਂਧੀ।

ਜਦੋਂ ਰਾਹੁਲ ਗਾਂਧੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਤਾਂ ਭਾਜਪਾ ਨੇਤਾਵਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਮੋਦੀ ਦੇ ਸ਼ਾਸਨਕਾਲ ਵਿਚ ਜਨਤਾ ਦੀ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬ ਚਿੱਟੇ ਦੀ ਵਜ੍ਹਾ ਕਰਕੇ ਤੜਫ਼ ਰਿਹਾ ਹੈ ਤਾਂ ਇਹ ਭਾਜਪਾ ਦੀ ਸਰਕਾਰ ਦੀ ਬਦੌਲਤ ਹੈ। ਰਾਹੁਲ ਗਾਂਧੀ ਨੇ ਇਹ ਮੁੱਦਾ ਉਦੋਂ ਚੁੱਕਿਆ ਜਦੋਂ ਉਹ ਪੰਜਾਬ ਆਏ ਸੀ ਪਰ ਉਸ ਸਮੇਂ ਭਾਜਪਾ ਨੇ ਉਨ੍ਹਾਂ ਵਿਰੁਧ ਬਹੁਤ ਕੁਝ ਬੋਲਿਆ ਪਰ ਰਾਹੁਲ ਜੀ ਨੇ ਸੱਚਾਈ ਕਹੀ ਸੀ। ਕਾਂਗਰਸ ਦੀ ਰਾਜਨੀਤੀ ਸੱਚਾਈ ਦੀ ਰਾਜਨੀਤੀ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਨਹੀਂ।