ਸਿੱਧੂ ਦਾ ਬਿਆਨ, ‘6 ਸਾਲ ਬਾਅਦ ਵੀ ਅਸੀਂ ਇਕ ਹੋਰ SIT ਵੱਲੋਂ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ?’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਸਵਾਲ ਚੁੱਕਿਆ ਕਿ 6 ਸਾਲਾਂ ਬਾਅਦ ਵੀ ਅਸੀਂ ਇਕ ਹੋਰ ਸਿਟ ਵੱਲੋਂ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ?

Navjot Sidhu

ਚੰਡੀਗੜ੍ਹ: ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਨਵੀਂ ਬਣੀ ਐਸਆਈਟੀ ਵਲੋਂ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਸਵਾਲ ਚੁੱਕਿਆ ਕਿ 6 ਸਾਲਾਂ ਬਾਅਦ ਵੀ ਅਸੀਂ ਇਕ ਹੋਰ ਸਿਟ ਵੱਲੋਂ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ? ਉਹਨਾਂ ਕਿਹਾ ਕਿ ਜਦੋਂ ਸਾਰੇ ਸਬੂਤ ਸਾਹਮਣੇ ਹਨ ਤਾਂ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ।

ਨਵਜੋਤ ਸਿੱਧੂ ਨੇ ਟਵੀਟ ਕੀਤਾ, ‘6 ਸਾਲਾਂ ਬਾਅਦ ਵੀ ਅਸੀਂ ਇੱਕ ਹੋਰ ਸਿਟ ਵੱਲੋਂ ਜਾਂਚ ਦੀ ਉਡੀਕ ਕਿਉਂ ਕਰ ਰਹੇ ਹਾਂ ?? ... ਜਦਕਿ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ ... ਤੇ ਅਜੇ ਤੱਕ ਮੁੱਖ ਦੋਸ਼ੀ ਗ੍ਰਿਫ਼ਤਾਰ ਕਿਉਂ ਨਹੀਂ ਕੀਤੇ ਗਏ?’ ਇਸ ਦੇ ਨਾਲ ਹੀ ਉਹਨਾਂ ਨੇ ਸਾਲ 2018 ਵਿਚ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਪੀੜਿਤ ਪਰਿਵਾਰਾਂ ਨੂੰ ਮਿਲਦੇ ਸਮੇਂ ਦਿੱਤੇ ਗਏ ਅਪਣੇ ਬਿਆਨ ਦਾ ਵੀਡੀਓ ਵੀ ਸਾਂਝੀ ਕੀਤੀ। ਇਸ ਦੌਰਾਨ ਸਿੱਧੂ ਨੇ ਬਾਦਲਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਲੋਕਾਂ ਦੀ ਕਚਿਹਰੀ ਵਿਚ ਉਹ ਭਗੌੜੇ ਹਨ।

 

 

ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਬਿਨ੍ਹਾਂ ਕਿਸੇ ਨਾਮ ਲਏ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਇਨਸਾਫ ਨਾ ਮਿਲਣ ਲਈ ਤੁਸੀਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ, ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿਚ ਤੁਹਾਨੂੰ ਕੌਣ ਬਚਾਏਗਾ?

ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਕੱਲ੍ਹ, ਅੱਜ ਤੇ ਕੱਲ੍ਹ - ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ਼ ਦੀ ਮੰਗ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉਪਰ ਹੈ ... ਪਾਰਟੀ ਮੈਂਬਰਾਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ’ਤੇ ਇਸ ਦੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ- ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿਚ ਤੁਹਾਨੂੰ ਕੌਣ ਬਚਾਏਗਾ?’