ਰਿਫ਼ਾਈਨਰੀ ਦੇ ਵਪਾਰੀ ਤੋਂ ਫ਼ਿਰੌਤੀ ਮੰਗਣ ਵਾਲਾ ਮਾਸਟਰਮਾਈਡ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਦੀ ਅਮੀਰ ਹੋਣ ਦੀ ਲਾਲਸਾ 'ਚ ਚੁੱਕਿਆ ਸੀ ਕਦਮ

Victim Arrested for Crime

ਬਠਿੰਡਾ, 14 ਜੂਨ (ਸੁਖਜਿੰਦਰ ਮਾਨ):-ਲੰਘੀ 8 ਜੂਨ ਨੂੰ ਇੱਕ ਆਟੋ ਚਾਲਕ ਦੇ ਰਾਹੀ ਰਿਫ਼ਾਈਨਰੀ ਦੇ ਇੱਕ ਵਪਾਰੀ ਤੋਂ 30 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਮਾਸਟਰਮਾਈਡ ਨੂੰ ਅੱਜ ਬਠਿੰਡਾ ਦੇ ਸੀਆਈਏ ਸਟਾਫ਼ ਨੇ ਕਾਬੂ ਕਰ ਲਿਆ। ਕਾਬੂ ਕੀਤਾ ਗਿਆ ਕਥਿਤ ਦੋਸ਼ੀ ਰਿਫ਼ਾਈਨਰੀ ਦੇ ਨਜਦੀਕੀ ਪਿੰਡ ਰਾਮਸਰਾ ਦਾ ਰਹਿਣ ਵਾਲਾ ਇੱਕ ਛੋਟਾ ਕਿਸਾਨ ਹੈ, ਜਿਸਨੇ ਜਲਦੀ ਅਮੀਰ ਹੋਣ ਦੀ ਲਾਲਸਾ ਵਿਚ ਇਹ ਕਦਮ ਚੁੱਕਿਆ ਸੀ। ਇਸ ਮਾਮਲੇ 'ਚ ਪੁਲਿਸ ਵਲੋਂ ਇੱਕ ਹਫ਼ਤਾ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋਨੋ ਆਟੋ ਚਾਲਕ ਇਸ ਸਮੇਂ ਜੇਲ ਵਿਚ ਬੰਦ ਹਨ।

ਜਦ ਉਸਨੇ ਉਸ ਲੜਕੇ ਨੂੰ ਰੋਕ ਕੇ ਪੰਜਾਬੀ ਭਾਸ਼ਾ ਵਿਚ ਲਿਫਾਫਾ ਖੋਲ ਕੇ ਚਿੱਠੀ ਪੜੀ ਤਾਂ ਉਸ ਚਿੱਠੀ ਵਿੱਚ ਉਸ ਕੋਲੋ 30 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ ਗਈ ਸੀ। ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਜਾਂ ਪੁਲਿਸ ਨੂੰ ਇਤਲਾਹ ਦੇਣ ਦੀ ਸੂਰਤ ਵਿੱਚ ਪ੍ਰੇਮ ਬਾਂਸਲ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ।ਮੌਕੇ 'ਤੇ ਚਿੱਠੀ ਦੇਣ ਵਾਲੇ ਨੂੰ ਕਾਬੂ ਕਰਕੇ ਪੁਛਗਿਛ ਕੀਤੀ ਤਾਂ ਉਸਨੇ ਆਪਣਾ ਨਾਮ ਨੀਰਜ ਕੁਮਾਰ ਦੱਸਿਆ ਸੀ ਅਤੇ ਉਸ ਨੂੰ ਇਹ ਚਿੱਠੀ ਰਾਜੂ ਸਿੰਘ ਉਰਫ ਰਾਜੀ ਫੱਤੀਵਾਲੀ ਢਾਹਣੀ ਰਾਮਾਂ ਨੇ ਦਿੱਤੀ ਸੀ।

ਥਾਣਾ ਰਾਮਾ ਦੀ ਪੁਲਿਸ ਨੇ ਇਸ ਸਬੰਧ ਵਿਚ ਅ/ਧ 384/511/506/120-ਬੀ ਆਈ.ਪੀ. ਸੀ ਤਹਿਤ  ਨੀਰਜ ਕੁਮਾਰ ਅਤੇ ਰਾਜੂ ਸਿੰਘ ਉਰਫ ਰਾਜੀ ਵਿਰੁਧ ਕੇਸ ਦਰਜ਼ ਕਰਕੇ ਉਨ੍ਹਾਂ ਗ੍ਰਿਫਤਾਰ ਕਰ ਲਿਆ ਸੀ। ਪੁਛਗਿਛ ਦੌਰਾਨ ਦੋਨਾਂ ਮੰਨਿਆ ਸੀ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਹਨ ਅਤੇ ਅਕਸਰ ਰਾਮੇ ਤੋਂ ਰਿਫੈਨਰੀ ਤੱਕ ਸਵਾਰੀਆਂ ਛੱਡਣ ਜਾਂਦੇ ਰਹਿੰਦੇ ਹਨ। ਘਟਨਾ ਵਾਲੇ ਦਿਨ ਰਾਜੂ ਸਿੰਘ ਨੂੰ ਇਹ ਲਿਫ਼ਾਫ਼ਾ ਇੱਕ ਅਗਿਆਤ ਵਿਅਕਤੀ ਨੇ ਇਹ ਕਹਿ ਕੇ ਫ਼ੜਾ ਦਿੱਤਾ ਕਿ ਪ੍ਰੇਮ ਕੁਮਾਰ ਬਾਂਸਲ ਜੋ ਰਿਫੈਨਰੀ ਰੋਡ ਰਾਮਸਰਾਂ ਵਿਖੇ ਬਜਰੀ ਦਾ ਕੰਮ ਕਰਦਾ ਹੈ, ਉਸ ਨੂੰ ਦੇ ਦੇਣਾ।

ਰਾਜੂ ਨੇ ਉਸਤੋਂ ਇਹ ਲਿਫ਼ਾਫਾ ਫੜ ਲਿਆ ਪ੍ਰੰਤੂ ਉਸ ਦਿਨ ਉਸਦੇ ਆਟੋ ਦਾ ਗੇੜਾ ਕਿਸੇ ਹੋਰ ਪਾਸੇ ਬਣ ਗਿਆ, ਜਿਸਦੇ ਚੱਲਦੇ ਉਸਨੇ ਇਹ ਲਿਫ਼ਾਫਾ ਨੀਰਜ਼ ਨੂੰ ਫ਼ੜਾ ਦਿੱਤਾ। ਅੱਗੇ ਨੀਰਜ਼ ਕੁਮਾਰ ਨੇ ਪਲਾਂਟ 'ਚ ਬੈਠੇ ਪ੍ਰੇਮ ਬਾਂਸਲ ਨੂੰ ਇਹ ਲਿਫ਼ਾਫਾ ਦੇ ਦਿੱਤਾ। ਹਾਲਾਂਕਿ ਪੁਲਿਸ ਨੇ ਇਨ੍ਹਾਂਦੋਨਾਂ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਲਿਫ਼ਾਫ਼ਾ ਫੜਾਉਣ ਵਾਲੇ ਵਿਅਕਤੀ ਬਾਰੇ ਪੁਛਿਆ ਪ੍ਰੰਤੂ ਇਨ੍ਹਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਉਹ ਕੁੱਝ ਨਾ ਦਸ ਸਕੇ। ਮਾਮਲੇ ਦੀ ਤਹਿ ਤੱਕ ਜਾਣ ਲਈ ਐਸਐਸਪੀ ਵਲੋਂ ਇਸਦੀ ਪੜਤਾਲ ਥਾਣਾ ਰਾਮਾ ਤੋਂ ਸੀਆਈਏ ਸਟਾਫ਼ ਨੂੰ ਦਿੱਤੀ ਗਈ।

ਸੀਆਈਏ ਵਲੋਂ ਕੀਤੀ ਪੜਤਾਲ ਤੋਂ ਬਾਅਦ ਬੇਅੰਤ ਸਿੰਘ ਵਾਸੀ ਰਾਮਸਰਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ। ਉਸ ਵਲੋਂ ਇੰਕਸਾਫ ਕਰਨ 'ਤੇ ਘਰ ਵਿਚੋਂ ਇਕ ਕਾਲੇ ਰੰਗ ਦਾ ਫੋਨ, ਇਕ ਅਛਰੂ ਕੁਮਾਰ ਕਰਿਆਨਾ ਸਟੋਰ ਰਾਮਾਂ ਮੰਡੀ ਦਾ ਵਿਜੀਟਿੰਗ ਕਾਰਡ , ਇਕ ਲਾਈਨਦਾਰ ਕਾਪੀ ਬਰਾਮਦ ਕੀਤੇ।ਜਿਸਦੇ ਇੱਕ ਪੇਜ਼ ਉਪਰ ਇਹ ਚਿੱਠੀ ਲਿਖੀ ਗਈ ਸੀ। ਪੁਛਗਿਛ ਦੌਰਾਨ ਬੇਅੰਤ ਸਿੰਘ ਨੇ ਪੁਲਿਸ ਨੂੰ ਸਭ ਕੁੱਝ ਦਸ ਦਿੱਤਾ।

ਇਸਤੋਂ ਇਲਾਵਾ ਉਸਨੇ ਇਹ ਵੀ ਦਸਿਆ ਕਿ ਉਸਨੇ ਮਨੋਜ ਕੁਮਾਰ ਵਾਸੀ ਰਾਮਾ ਮੰਡੀ ਜੋ ਕਰਿਆਨੇ ਦੀ ਦੁਕਾਨ ਕਰਦਾ ਹੈ ਨੂੰ ਵੀ ਉਸ ਦੇ ਫੋਨ ਰਾਹੀ ਧਮਕੀ ਦੇ ਲੱਖਾ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ।ਪੁਲਿਸ ਅਧਿਕਾਰੀਆਂ ਮੁਤਾਬਕ ਬੇਅੰਤ ਸਿੰਘ ਅਧੇੜ ਉਮਰ ਦਾ ਅਣਪੜ ਆਦਮੀ ਹੈ। ਉਸਦੇ 2 ਬੱਚੇ ਹਨ। ਜਿਸ ਪਾਸ 4 ਕਿਲੇ ਪੈਲੀ ਹੈ। ਜੋ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਨਸ਼ਾ ਕਰਨ ਦਾ ਆਦਿ ਹੈ। ਜਿਸ ਨੇ ਲਾਲਚ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ ਫੜਿਆ ਗਿਆ ਹੈ।