'ਹਰ ਬਲਾਕ ਦੇ ਪੰਜ ਪਿੰਡਾਂ ਵਿਚ ਸੀਚੇਵਾਲ ਮਾਡਲ ਲਾਗੂ ਕੀਤਾ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਪੜਾਂ ਦੀ ਸਫ਼ਾਈ ਮੁਹਿੰਮ ਵਿਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ : ਤ੍ਰਿਪਤ ਬਾਜਵਾ

'Apply Seechewal Model to Five Block of Every Village'

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਵਿਭਾਗ ਵਲੋਂ ਸੂਬੇ ਭਰ ਵਿਚ ਸ਼ੁਰੂ ਕੀਤੀ ਛੱਪੜਾਂ ਦੀ ਸਫ਼ਾਈ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਇਸ ਮੁਹਿੰਮ ਵਿਚ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਮਨਇੱਛਤ ਨਤੀਜੇ ਤਾਂ ਹੀ ਹਾਸਲ ਕੀਤੇ ਜਾ ਸਕਦੇ ਹਨ ਜੇ ਪਿੰਡਾਂ ਦੇ ਲੋਕ ਇਸ ਕਾਰਜ ਨੂੰ ਆਪਣਾ ਮੁੱਢਲਾ ਫ਼ਰਜ਼ ਸਮਝ ਕੇ ਅਪਨਾਉਣ।

ਪੰਚਾਇਤ ਮੰਤਰੀ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਵਿਚੋਂ ਹਰ ਸਾਲ ਗਾਰ ਕੱਢਕੇ ਇਹਨਾਂ ਨੂੰ ਸਾਫ਼ ਰੱਖਣਾ ਇਸ ਲਈ ਲਾਜ਼ਮੀ ਹੈ ਕਿਉਂਕਿ ਇਸ ਨਾਲ ਮੀਂਹ ਦਾ ਪਾਣੀ ਧਰਤੀ ਵਿਚ ਪਾ ਕੇ ਇਸ ਦਾ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲਦੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਖ਼ਤਰਨਾਕ ਹੱਦ ਤਕ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਠੱਲਣਾ ਹੈ। ਸ਼੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਜਾਵੇ।

ਬਾਜਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਬਲਾਕ ਦੇ ਘੱਟੋ ਘੱਟ ਪੰਜ ਪਿੰਡਾਂ ਵਿਚ ਨਿਕਾਸੀ ਪਾਣੀ ਨੂੰ ਸੋਧ ਕੇ ਮੁੜ ਵਰਤਣ ਦਾ ਸੀਚੇਵਾਲ ਮਾਡਲ ਲਾਗੂ ਕਰਨ ਤਾਂ ਕਿ ਇਸ ਮਾਡਲ ਨੂੰ ਅਪਨਾਉਣ ਲਈ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਉਤਸ਼ਾਹਤ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵਿਚ ਸਾਂਝੇ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਲੋੜ ਸਿਰਫ਼ ਉਹਨਾਂ ਨੂੰ ਯੋਗ ਅਗਵਾਈ ਦੇਣ ਦੀ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿਚ ਬੇਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਦੀ ਸਰਾਹਨਾ ਕਰਦਿਆਂ ਥੋੜਾ ਪਿੱਛੇ ਰਹਿ ਗਏ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਮਿਹਨਤ ਕਰਨ।

ਬਾਜਵਾ ਨੇ ਫੀਲਡ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਸ ਮੁਹਿੰਮ ਨੁੰ ਅਗਲੇ ਸਾਲ ਤੋਂ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਆਪਣੇ ਸੁਝਾਅ ਅਤੇ ਇਸ ਸਾਲ ਆਈਆਂ ਦਿੱਕਤਾਂ ਸਬੰਧੀ ਵਿਸਥਾਰ ਸਹਿਤ ਰਿਪੋਰਟ ਜਰੂਰ ਭੇਜਣ। ਇਸ ਤੋਂ ਪਹਿਲਾਂ ਵਿਭਾਗ ਦੇ ਵਿੱਤੀ ਸਕੱਤਰ ਨੇ ਛੱਪੜਾਂ ਦੀ ਸਫ਼ਾਈ ਮੁਹਿੰਮ ਦੀ ਬਲਾਕ ਵਾਰ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਬੇ ਦੇ ਕੁਲ 13124 ਪਿੰਡਾਂ ਵਿਚੋਂ 6399 ਪਿੰਡਾਂ ਦੇ ਛੱਪੜਾਂ ਸਫ਼ਾਈ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 2699 ਪਿੰਡਾਂ ਦੇ ਛੱਪੜਾਂ ਵਿਚੋਂ ਪਾਣੀ ਅਤੇ 926 ਪਿੰਡਾਂ ਦੇ ਛੱਪੜਾਂ ਵਿਚੋਂ ਗਾਰ ਵੀ ਕੱਢੀ ਜਾ ਚੁੱਕੀ ਹੈ।