ਕਰੋਨਾ ਦਾ ਕਹਿਰ : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਆਈ ਪਾਜ਼ੇਟਿਵ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਡੇ ਅਫ਼ਸਰਾਂ ਤੋਂ ਬਾਅਦ ਸਿਆਸੀ ਆਗੂਆਂ 'ਚ ਵੀ ਫ਼ੈਲਣ ਲੱਗਾ ਕਰੋਨਾ

Tripat Rajinder Singh Bajwa

ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਕੇਸਾਂ 'ਚ ਹੋ ਰਹੇ ਨਿਰੰਤਰ ਵਾਧੇ ਨੇ ਸਭ ਨੂੰ ਚਿੰਤਾ 'ਚ ਪਾ ਦਿਤਾ ਹੈ। ਕਰੋਨਾ ਵਾਇਰਸ ਨੇ ਹੁਣ ਆਮ ਲੋਕਾਂ ਦੇ ਨਾਲ-ਨਾਲ ਅਫ਼ਸਰਸ਼ਾਹੀ ਅਤੇ ਸਿਆਸੀ ਆਗੂਆਂ  ਨੂੰ ਵੀ ਅਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸੇ ਦੌਰਾਨ ਪੰਜਾਬ ਕੈਬਨਿਟ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆ ਗਈ ਹੈ। ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

ਖ਼ਬਰਾਂ ਮੁਤਾਬਕ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਪਾ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਵਲੋਂ ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕਰੋਨਾ ਨੂੰ ਹੋਰ ਫ਼ੈਲਣ ਤੋਂ ਰੋਕਿਆ ਜਾ ਸਕੇ।

ਇਸ ਤੋਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਰਦੇਸ਼ਕ ਵਿਪੁਲ ਉਜਵਲ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਸਨ। ਬਾਜਵਾ ਉਸ ਵਿਭਾਗ ਦੇ ਮੰਤਰੀ ਹਨ। ਹੁਣ ਤਕ 17 ਪੀਸੀਐਸ, 2 ਆਈਏਐਸ ਅਧਿਕਾਰੀ ਅਤੇ ਇਕ ਮੰਤਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹੋ ਚੁੱਕੇ ਹਨ।

ਕਾਬਲੇਗੌਰ ਹੈ ਕਿ ਕੁੱਝ ਦਿਨ ਪਹਿਲਾਂ ਬਾਜਵਾ ਨੇ ਕੋਵਿਡ ਟੈਸਟ ਲਈ ਸੈਂਪਲ ਦਿਤਾ ਸੀ ਪਰ ਉਸ ਸਮੇਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪਰ ਅੱਜ ਇਕ ਹੋਰ ਟੈਸਟ 'ਚ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆ ਗਈ ਹੈ।  ਸਿਹਤ ਵਿਭਾਗ ਹੁਣ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ 'ਚ ਜੁਟ ਗਿਆ ਹੈ।

ਦੇਸ਼ ਭਰ ਅੰਦਰ ਵਧਦੇ ਕਰੋਨਾ ਮਾਮਲਿਆਂ ਕਾਰਨ ਇਕ ਵਾਰ ਫਿਰ ਲੌਕਡਾਊਨ ਲੱਗਣ ਵਰਗੀ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ। ਹੁਣ ਜਿਸ ਤਰ੍ਹਾਂ ਮੰਤਰੀਆਂ ਤੋਂ ਲੈ ਕੇ ਅਫ਼ਸਰਾਂ ਤਕ ਕਰੋਨਾ ਦੀ ਪਹੁੰਚ ਹੋ ਚੁੱਕੀ ਹੈ, ਉਸ ਤੋਂ ਕਰੋਨਾ ਦੇ ਵਧਦੇ ਗਰਾਫ਼ ਦੀ ਤਸਵੀਰ ਸਾਫ਼ ਹੋਣ ਲੱਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।