ਫਰੀਦਕੋਟ 'ਚ 16 ਨੂੰ ਹੋਣ ਵਾਲੀ ਅਕਾਲੀ ਦਲ ਦੀ ਰੈਲੀ 'ਤੇ ਰੋਕ, ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਬੁਰੀ ਤਰ੍ਹਾਂ ਫਸੇ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿਖੇ ਜੋ 16 ਸਤੰਬਰ ਨੂੰ ਰੈਲੀ ਕਰਨੀ ਸੀ, ਉਸ ...

Shiromani Akali Dal Fridkot Rally Ban

ਫਰੀਦਕੋਟ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਬੁਰੀ ਤਰ੍ਹਾਂ ਫਸੇ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿਖੇ ਜੋ 16 ਸਤੰਬਰ ਨੂੰ ਰੈਲੀ ਕਰਨੀ ਸੀ, ਉਸ 'ਤੇ ਸਥਾਨਕ ਪ੍ਰਸ਼ਾਸਨ ਨੇ ਰੋਕ ਲਗਾ ਦਿਤੀ ਹੈ। ਦਸ ਦਈਏ ਕਿ ਇਹ ਰੈਲੀ ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ 16 ਸਤੰਬਰ 2018 ਦਿਨ ਐਤਵਾਰ ਨੂੰ ਕੀਤੀ ਜਾਣੀ ਸੀ, ਜਿਸ ਵਿਚ ਅਕਾਲੀਆਂ ਵਲੋਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀ ਗੱਲ ਆਖੀ ਜਾ ਰਹੀ ਸੀ। 

ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਅਕਾਲੀਆਂ ਦੀ ਹੋਣ ਵਾਲੀ ਇਸ ਰੈਲੀ 'ਤੇ ਰੋਕ ਲਗਾ ਦਿਤੀ ਹੈ। ਉਪ ਮੰਡਲ ਮੈਜਿਸਟ੍ਰੇਟ ਫਰੀਦਕੋਟ ਵਲੋਂ ਲਿਖਤੀ ਤੌਰ 'ਤੇ ਪਾਰਟੀ ਦੇ ਮੁੱਖ ਬੁਲਾਰੇ ਪਰਮ ਬੰਸ ਸਿੰਘ ਬੰਟੀ ਰੋਮਾਣਾ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ। ਪ੍ਰਸ਼ਾਸਨ ਨੇ ਰੋਮਾਣਾ ਨੂੰ ਦਸਿਆ ਕਿ ਖ਼ੁਫ਼ੀਆ ਰੀਪੋਰਟਾਂ ਮੁਤਾਬਕ ਅਕਾਲੀ ਦੇ ਵਰਕਰਾਂ ਅਤੇ ਗਰਮ ਖ਼ਿਆਲੀ ਸਿੱਖਾਂ ਵਿਚਕਾਰ ਰੈਲੀ ਦੌਰਾਨ ਤਣਾਅ ਅਤੇ ਝਗੜਾ ਹੋਣ ਦਾ ਖ਼ਦਸ਼ਾ ਹੈ, ਇਸ ਕਰਕੇ ਅਕਾਲੀ ਦਲ ਨੂੰ ਇੱਥੇ ਇਹ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।

ਦਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੀ ਫਰੀਦਕੋਟ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਰੈਲੀ ਸਾਬਤ ਹੋਵੇਗੀ ਅਤੇ ਇਸ ਵਿਚ ਅਕਾਲੀਆਂ ਵਲੋਂ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। ਅਕਾਲੀ ਦਲ ਨੇ ਇਸ ਰੈਲੀ ਦੀਆਂ ਤਿਆਰੀਆਂ ਵੀ ਲਗਭਗ ਮੁਕੰਮਲ ਕਰ ਲਈਆਂ ਸਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਇਹ ਰੈਲੀ ਕੋਟਕਪੂਰਾ ਵਿਚ 15 ਸਤੰਬਰ ਨੂੰ ਕੀਤੀ ਜਾਣੀ ਸੀ ਪਰ ਕੁਝ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੇ ਇਸ ਰੈਲੀ ਲਈ ਜਗ੍ਹਾ ਅਤੇ ਤਰੀਕ ਦੋਵੇਂ ਬਦਲ ਦਿਤੇ ਸਨ।  ਇਸ ਦੇ ਬਾਵਜੂਦ ਸਿੱਖ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਅਕਾਲੀ ਦਲ ਦੀ ਇਸ ਰੈਲੀ 'ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ।

ਉਧਰ ਅਕਾਲੀ ਦਲ ਨੇ ਫਰੀਦਕੋਟ ਵਿਚ 'ਪੋਲ ਖੋਲ ਰੈਲੀ' 'ਤੇ ਪ੍ਰਸ਼ਾਸਨ ਵਲੋਂ ਰੋਕ ਲਗਾਉਣ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਵਿਰੁੱਧ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ, ਇਸ ਪਟੀਸ਼ਨ ਦੀ ਸੁਣਵਾਈ ਸ਼ਨੀਵਾਰ 10 ਵਜੇ ਹੋਵੇਗੀ।