ਭੂੰਦੜ ਨੂੰ ਛੇਤੀ ਬਣਾਇਆ ਜਾ ਸਕਦੈ ਪਾਰਟੀ ਦਾ ਕਾਰਜਕਾਰੀ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਹਲਕਿਆਂ ਵਿਚ ਚਰਚਾ ਪਾਈ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਜਲਦ ਹੀ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪੀ ਜਾ ਸਕਦੀ ਹੈ...........

Balwinder Singh Bhunder

ਤਰਨਤਾਰਨ : ਅਕਾਲੀ ਹਲਕਿਆਂ ਵਿਚ ਚਰਚਾ ਪਾਈ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਜਲਦ ਹੀ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪੀ ਜਾ ਸਕਦੀ ਹੈ। ਸ. ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਹ ਤਬਦੀਲੀ ਅਕਾਲੀ ਦਲ ਦੀ ਹੋ ਰਹੀ ਦੁਰਗਤ ਨੂੰ ਰੋਕਣ ਲਈ ਵੱਡੇ ਬਾਦਲ ਦਾ 'ਬ੍ਰਹਮਅਸਤਰ' ਸਾਬਤ ਹੋਵੇਗੀ। ਜਾਣਕਾਰੀ ਮੁਤਾਬਕ ਅਕਾਲੀ ਦਲ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਵਾਂਗਡੋਰ ਵਕਤੀ ਤੌਰ 'ਤੇ ਕਿਸੇ ਅਜਿਹੇ ਵਿਅਕਤੀ ਨੂੰ ਸੌਂਪਣਾ ਚਾਹੁੰਦੇ ਹਨ ਜੋ ਪਾਰਟੀ ਅਤੇ ਪ੍ਰਵਾਰ ਦਾ ਵਫ਼ਾਦਾਰ ਹੋਵੇ ਤੇ ਜਿਸ ਬਾਰੇ ਕੋਈ ਵੀ ਉਂਗਲ ਨਾ ਚੁਕ ਸਕੇ।

ਅਜਿਹੇ ਹਾਲਤ ਵਿਚ ਸ. ਬਲਵਿੰਦਰ ਸਿੰਘ ਭੁੰਦੜ ਇਕੋ ਇਕ ਅਜਿਹਾ ਚਿਹਰਾ ਹਨ ਜੋ ਬਿਖੜੇ ਪੈਡੇ ਤੇ ਅਕਾਲੀ ਦਲ ਨੂੰ ਬਚਾਅ ਕੇ ਪਾਰ ਲੰਘਾ ਸਕਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਸ. ਬਾਦਲ ਕੋਈ ਫ਼ੈਸਲਾ ਉਸ ਸਮੇਂ ਲੈਂਦੇ ਹਨ ਜਦ ਪਾਣੀ ਸਿਰ ਉਪਰੋਂ ਲੰਘ ਜਾਵੇ। ਹੁਣ ਵੀ ਹਾਲਾਤ ਅਜਿਹੇ ਹੀ ਹਨ ਕਿ ਪਾਣੀ ਸਿਰ ਤੋਂ ਤੇਜ਼ੀ ਨਾਲ ਲੰਘ ਰਿਹਾ ਹੈ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਪੰਥਕ ਹਲਕਿਆਂ ਵਿਚ ਪਾਰਟੀ ਦੀ ਜੋ ਕਿਰਕਰੀ ਕਰਵਾਈ ਹੈ ਉਸ ਨੇ ਬਾਦਲਾਂ ਦਾ ਅਕਸ ਹੋਰ ਵੀ ਖ਼ਰਾਬ ਕੀਤਾ ਹੈ। ਪਾਰਟੀ ਤੇ ਪਰਵਾਰ ਦੀ ਡਿੱਗੀ ਹੋਈ ਸਾਖ ਨੂੰ ਬਹਾਲ ਕਰਨ ਲਈ ਕੌੜਾ ਅੱਕ ਚਬਣਾ ਜ਼ਰੂਰੀ ਹੀ ਨਹੀਂ ਬਲਕਿ ਮਜਬੂਰੀ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤਬਦੀਲੀ ਤੋਂ ਬਾਅਦ ਬਾਦਲਾਂ ਦੀ ਜੋੜੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਇਕ ਦੋਸਤਾਨਾ ਮੈਚ ਦੀ ਕੜੀ ਵਜੋਂ ਧਾਰਮਕ ਸੇਵਾ ਲਗਵਾ ਕੇ ਸੁਰਖਰੂ ਹੋ ਸਕਦੇ ਹਨ।