ਛਪਾਰ ਮੇਲੇ 'ਤੇ ਸਿਆਸੀ ਨੇਤਾ ਮਿਹਣੋਂ-ਮਿਹਣੀ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਸੂਬੇ ਨੂੰ ਆਰਥਕ ਪੱਖੋਂ ਖੜਾ ਕਰਨ ਦੇ ਨਾਲ-ਨਾਲ ਚੋਣ ਵਾਅਦੇ ਪੂਰੇ ਕਰਨ ਨੂੰ ਤਰਜੀਹ ਦਿਤੀ

Political leaders at the chhapar fair became disgraced

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਅੱਗੇ ਅਕਾਲੀ ਮੁੱਦਾਹੀਣ ਹੋਏ : ਸਿੱਧੂ

ਲੁਧਿਆਣਾ/ਡੇਹਲੋਂ/ਅਹਿਮਦਗੜ੍ਹ (ਕੁਲਦੀਪ ਸਿੰਘ ਸਲੇਮਪੁਰੀ, ਹਰਜਿੰਦਰ ਸਿੰਘ ਗਰੇਵਾਲ/ਰਾਮਜੀਦਾਸ ਚੌਹਾਨ,ਬਲਵਿੰਦਰ ਕੁਮਾਰ): ਪੰਜਾਬ ਸਰਕਾਰ ਵਲੋਂ ਅਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਜੋ ਲੋਕ ਹਿਤ ਕੰਮ ਕੀਤੇ ਗਏ ਹਨ, ਉਨ੍ਹਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਲ ਇਨ੍ਹਾਂ ਜ਼ਿਮਨੀ ਚੋਣਾਂ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਮੁੱਦਾਹੀਣ ਹੋਈ ਇਸ ਪਾਰਟੀ ਦੇ ਆਗੂ ਹੁਣ ਸੋਚ ਰਹੇ ਹਨ ਕਿ ਉਹ ਲੋਕਾਂ ਦੀ ਕਚਹਿਰੀ ਵਿਚ ਕਿਹੜਾ ਮੁੱਦਾ ਲੈ ਕੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਤਿਹਾਸਕ ਛਪਾਰ ਮੇਲੇ 'ਤੇ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਰਾਜਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਸਿਰ 'ਤੇ 40 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਪਿਛਲੀ ਸਰਕਾਰ ਦੀਆਂ ਗ਼ਲਤ ਆਰਥਕ ਨੀਤੀਆਂ ਅਤੇ ਪੰਜਾਬ ਨੂੰ ਆਰਥਕ ਪੱਖੋਂ ਉਜਾੜਨ ਦੀਆਂ ਕੋਝੀਆਂ ਸਾਜ਼ਸ਼ਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਸੰਭਾਲਣ ਮੌਕੇ ਇਹ ਕਰਜ਼ਾ 2.25 ਲੱਖ ਕਰੋੜ  ਰੁਪਏ ਹੋ ਗਿਆ ਸੀ। ਪਰ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਸੂਬੇ ਨੂੰ ਆਰਥਕ ਪੱਖੋਂ ਖੜਾ ਕਰਨ ਦੇ ਨਾਲ-ਨਾਲ ਚੋਣ ਵਾਅਦੇ ਪੂਰੇ ਕਰਨ ਨੂੰ ਤਰਜੀਹ ਦਿਤੀ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਦਲ ਪਰਵਾਰ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਰ. ਐਸ. ਐਸ. ਕਦੇ ਨਹੀਂ ਚਾਹੁੰਦੇ ਕਿ ਪਵਿੱਤਰ ਧਾਰਮਕ ਗ੍ਰੰਥਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇ।

ਅਕਾਲੀ-ਭਾਜਪਾ ਸਰਕਾਰ ਦੀ ਹਕੂਮਤ ਵੇਲੇ ਲਾਮਿਸਾਲ ਕੰਮ ਹੋਏ : ਸੁਖਬੀਰ

ਅਹਿਮਦਗੜ੍ਹ/ਡੇਹਲੋਂ(ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ, ਹਰਜਿੰਦਰ ਸਿੰਘ ਗਰੇਵਾਲ): ਮੇਲਾ ਛਪਾਰ ਵਿਖੇ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਪ੍ਰਬੰਧਾਂ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਜਿੰਨੇ ਵਿਕਾਸ ਕਾਰਜ ਅਤੇ ਲੋਕ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਹਨ ਉਹ ਇਕ ਮਿਸਾਲ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ, ਗਰੀਬ ਮਜਦੂਰਾਂ, ਅਤੇ ਹਰ ਵਰਗ ਦੇ ਲੋਕਾਂ ਦੇ ਹਿਤਾਂ ਲਈ ਸੰਗਤ ਦਰਸ਼ਨਾਂ ਰਾਂਹੀ ਹਰ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਅਤੇ ਪੰਜਾਬ ਅੰਦਰ ਚਾਰ ਮਾਰਗੀ ਸੜਕਾਂ ਅਤੇ ਵੱਡੇ ਵੱਡੇ ਪੁਲ ਬਣਾ ਕੇ ਪੰਜਾਬ ਅੰਦਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਸਨ

ਜਦਕਿ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕਰਨ ਵਾਲੀ ਕੈਪਟਨ ਸਰਕਾਰ ਨੇ ਵਿਕਾਸ ਕੰਮ ਕਰਵਾਉਣ ਦੀ ਬਜਾਏ ਲੋਕਾਂ ਦੀ ਸਹੂਲਤ ਲਈ ਬਣੇ ਸੇਵਾ ਕੇਂਦਰਾਂ ਨੂੰ ਵਾਧੂ ਦਾ ਖ਼ਰਚ ਦਸਦੇ ਹੋਏ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਢਾਈ ਸਾਲਾਂ ਦੌਰਾਨ ਝੂਠੇ ਪਰਚੇ ਦਰਜ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਝੂਠੀ ਸਹੁੰ ਖਾਣ ਵਾਲਾ ਜੋ ਗੁਰੂ ਸਾਹਿਬ ਦਾ ਨਹੀਂ ਬਣਿਆ ਉਹ ਲੋਕਾਂ ਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਬੀਮਾਰ ਚਲ ਰਹੀ ਕਾਂਗਰਸ ਸਰਕਾਰ ਹੁਣ ਆਈ.ਸੀ.ਯੂ ਵਿਚ ਹੈ ਦੀ ਹੁਣ ਪੁੱਠੀ ਗਿਣਤੀ ਸ਼ੁਰੂ ਹੋ ਗਈ।

72 ਸਾਲਾਂ ਤੋਂ ਹੁਕਮਰਾਨਾਂ ਵਲੋਂ ਅੱਜ ਤਕ ਕੋਈ ਇਨਸਾਫ਼ ਨਹੀਂ ਦਿਤਾ ਗਿਆ : ਮਾਨ

ਅਹਿਮਦਗੜ੍ਹ/ਡੇਹਲੋਂ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ, ਹਰਜਿੰਦਰ ਸਿੰਘ ਗਰੇਵਾਲ): ਮੇਲਾ ਛਪਾਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੀਤੀ ਗਈ ਰੈਲੀ ਮੌਕੇ ਪੰਜਾਬ ਦੇ ਹਿਤਾਂ ਸਬੰਧੀ ਵੱਖ-ਵੱਖ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਅਕਾਲੀ ਦਲ (ਅ) ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਪੱਪੂ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਕਾਨਫ਼ਰੰਸ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ 72 ਸਾਲਾਂ ਤੋਂ ਹੁਕਮਰਾਨਾਂ ਵਲੋਂ ਅੱਜ ਤਕ ਕੋਈ ਇਨਸਾਫ਼ ਨਹੀਂ ਦਿਤਾ ਗਿਆ।

ਪੰਜਾਬੀ ਸਿੱਖ ਨੌਜਵਾਨਾਂ ਦੀਆਂ 8257 ਲਾਸ਼ਾਂ ਦੀ ਸੁਣਵਾਈ ਸੁਪਰੀਮ ਕੋਰਟ ਵਲੋਂ ਰੱਦ ਕਰ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੇਣਾ ਹੋਰ ਵੱਡੀ ਬੇਇਨਸਾਫ਼ੀ ਹੈ। ਸ.ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹ ਕੇਂਦਰ ਸਰਕਾਰ ਦੀ ਇਕ ਗਿਣੀ ਮਿਥੀ ਯੋਜਨਾ ਦਾ ਸਿੱਟਾ ਹੈ। ਇਸ ਮੌਕੇ ਉਨ੍ਹਾਂ ਰਾਏ ਬੁਲਾਰ ਭੱਟੀ ਦੇ ਵੰਸ਼ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਨਾ ਦੇਣਾ ਮੋਦੀ ਹਕੂਮਤ ਦੀ ਫ਼ਿਰਕੂ ਸੋਚ ਹੈ। ਇਸ ਮੌਕੇ ਤਰਲੋਕ ਸਿੰਘ ਡੱਲਾ, ਕਰਨੈਲ ਸਿੰਘ ਨਾਰੀਕੇ, ਹਰਦੇਵ ਸਿੰਘ ਪੱਪੂ ਕਲਿਆਣ, ਜਸਵੰਤ ਸਿੰਘ ਚੀਮਾ, ਹਰਜੀਤ ਸਿੰਘ, ਬਹਾਦਰ ਸਿੰਘ ਭਸੌੜ, ਦਰਸਨ ਸਿੰਘ ਨੰਬਰਦਾਰ ਨੱਥੂ ਮਾਜਰਾ, ਹਰਦੇਵ ਸਿੰਘ ਗਗੜਪੁਰ, ਬਲਜੀਤ ਸਿੰਘ ਧੂਲਕੋਟ, ਸਰਪੰਚ ਗੁਰਮੁੱਖ ਸਿੰਘ ਫਰਵਾਲੀ, ਗੁਰਜੀਤ ਸਿੰਘ ਝਾਂਮਪੁਰ ਆਦਿ ਹਾਜ਼ਰ ਸਨ।

ਅਕਾਲੀਆਂ ਅਤੇ ਕਾਂਗਰਸ ਨੇ ਪੰਜਾਬ ਨੂੰ ਬਦਹਾਲੀ ਦੇ ਰਾਹ ਤੋਰਿਆ : ਭਗਵੰਤ ਮਾਨ

ਅਹਿਮਦਗੜ੍ਹ/ਡੇਹਲੋਂ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ, ਹਰਜਿੰਦਰ ਸਿੰਘ ਗਰੇਵਾਲ): ਮੇਲਾ ਛਪਾਰ ਵਿਖੇ 'ਆਪ' ਦੀ ਹੋਈ ਕਾਨਫ਼ਰੰਸ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨੇ ਵਿਸ਼ਾਲ ਕਾਨਫ਼ਰੰਸ ਮੌਕੇ ਅਕਾਲੀ ਤੇ ਕਾਂਗਰਸ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਪਿਛਲੀ ਅਕਾਲੀਆਂ ਤੇ ਹੁਣ ਕੈਪਟਨ ਦੀ ਸਰਕਾਰ ਨੇ ਪੰਜਾਬ ਨੂੰ ਬਦਹਾਲੀ ਦੇ ਰਾਹ ਵਲ ਤੋਰਿਆ ਹੈ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਚਲ ਰਿਹਾ ਹੈ ਅਤੇ ਕੈਪਟਨ ਸਰਕਾਰ ਦਾ ਕਰਜ਼ਾ ਮਾਫ਼ੀ ਪ੍ਰੋਗਰਾਮ ਫ਼ੇਲ੍ਹ ਸਾਬਤ ਹੋਇਆ ਹੈ ਅਤੇ ਕਰਜ਼ੇ ਕਾਰਨ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਬਦਹਾਲੀ ਦਾ ਹੀ ਪ੍ਰਮਾਣ ਹਨ।

ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਕੱਢਣ ਲਈ ਫ਼ਸਲਾਂ ਦੇ ਲਾਹੇਬੰਦ ਭਾਅ ਦਿਤੇ ਜਾਣ ਤਾਂ ਜੋ ਲੋਕਾਂ ਨੂੰ ਰਜਾਉਣ ਵਾਲਾ ਕਿਸਾਨ ਖ਼ੁਦ ਵੀ ਅਪਣਾ ਢਿੱਡ ਭਰ ਸਕਣ। ਇਸ ਮੌਕੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸਿੰਧਵਾ, ਵਿਧਾਇਕ ਸਬਜੀਤ ਕੌਰ ਮਾਣੂਕੇ, ਮਨਜੀਤ ਸਿੰਘ ਬਲਾਸਪੁਰ ਵਿਧਾਇਕ , ਵਿਧਾਇਕ ਕੁਲਵੰਤ ਸਿੰਘ, ਡਾ. ਤੇਜਪਾਲ ਸਿੰਘ ਗਿੱਲ, ਪਿੰਸੀਪਲ ਬੁੱਧ ਰਾਮ ਚੇਅਰਮੈਨ ਕੋਰ ਕਮੇਟੀ, ਗੁਰਜੀਤ ਸਿੰਘ ਗਿੱਲ, ਸਤਵੀਰ ਸਿੰਘ ਸ਼ੀਰਾ ਬਨਭੌਰਾ, ਅਮਨਦੀਪ ਸਿੰਘ ਮੋਹੀ, ਪ੍ਰਧਾਨ ਹਰਨੇਕ ਸਿੰਘ ਸੇਖੋ, ਬਲਜਿੰਦਰ ਸਿੰਘ ਚੌਂਦਾ, ਮੋਹਣ ਸਿੰਘ ਵਿਰਕ ਆਦਿ ਹਾਜ਼ਰ ਸਨ।