ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ
ਸੈਕਟਰ-11 ਥਾਣੇ ਦੀ ਪੁਲਿਸ ਨੇ ਬੱਚੇ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਸੁਧਾਰ ਘਰ ਭੇਜ ਦਿਤਾ ਗਿਆ ਹੈ।
ਚੰਡੀਗੜ੍ਹ: ਚੰਡੀਗੜ੍ਹ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ (ਫੋਟੋਆਂ ਨਾਲ ਛੇੜਛਾੜ ਕਰਕੇ ਬਣਾਈਆਂ) ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਸਕੂਲ ਦੇ 13 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਉਕਤ ਲੜਕੀਆਂ ਦੀ ਜਮਾਤ 'ਚ ਪੜ੍ਹਦਾ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਬੱਚੇ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਸੁਧਾਰ ਘਰ ਭੇਜ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ, ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਸਕੂਲ ਦੀਆਂ ਕੁੱਝ ਵਿਦਿਆਰਥਣਾਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਦੀਆਂ ਫੋਟੋਆਂ ਸਕੂਲ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤੀਆਂ ਗਈਆਂ ਸਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਇਨ੍ਹਾਂ ਫੋਟੋਆਂ ਨੂੰ ਇਤਰਾਜ਼ਯੋਗ ਫੋਟੋਆਂ ਵਿਚ ਬਦਲ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਖਰੜ ਤੀਹਰਾ ਕਤਲ: ਲੱਖ ਰੁਪਏ ਦਾ ਮੋਬਾਈਲ ਖ਼ਰੀਦਣ ’ਤੇ ਭਰਾ ਨਾਲ ਹੋਈ ਲੜਾਈ ਮਗਰੋਂ ਬਣਾਈ ਸੀ ਕਤਲ ਦੀ ਯੋਜਨਾ
ਪੁਲਿਸ ਨੇ ਮੁੱਢਲੇ ਤੌਰ ’ਤੇ ਅਣਪਛਾਤੇ ਵਿਅਕਤੀ ਵਿਰੁਧ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਬੱਚੇ ਕੋਲੋਂ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਉਸ ਨੇ ਛੇੜਛਾੜ ਕੀਤੀ ਸੀ। ਪੁਲਿਸ ਨੇ ਉਸ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰ ਦਿਤਾ ਹੈ, ਜਿਸ 'ਤੇ ਲੜਕੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਬੇਅਦਬੀ ਕਾਂਡ: ਸ਼ਹੀਦ ਸਿੱਖ ਨੌਜਵਾਨਾਂ ਦੀ ਯਾਦ ’ਚ 8ਵਾਂ ਸ਼ਰਧਾਂਜਲੀ ਸਮਾਗਮ ਅੱਜ
ਐਸ.ਐਸ.ਪੀ. ਯੂਟੀ ਕੰਵਰਦੀਪ ਕੌਰ ਨੇ ਦਸਿਆ ਕਿ ਅਸੀਂ ਇਸ ਮਾਮਲੇ ਵਿਚ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਅਪਣੀ ਹੀ ਜਮਾਤ ਦੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਸਨ। ਉਸ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿਤਾ ਗਿਆ ਹੈ। ਫੋਨ ਨੂੰ ਫੋਰੈਂਸਿਕ ਜਾਂਚ ਅਤੇ ਪੁਰਾਣੇ ਡੇਟਾ ਦੀ ਰਿਕਵਰੀ ਲਈ ਸੀ.ਐਫ.ਐਸ.ਐਲ. ਲੈਬ ਨੂੰ ਭੇਜਿਆ ਗਿਆ ਹੈ।