ਪੰਜਾਬ 'ਚ ਅੱਜ ਹੋਵੇਗਾ 'No Challan Day',ਲੋਕਾਂ ਨੂੰ ਕਰਾਂਗੇ ਜਾਗਰੂਕ : ਰਾਜਾ ਵੜਿੰਗ
ਦੇਸ਼ ਦੇ ਪਹਿਲੇ PM ਨਹਿਰੂ ਦੇ ਜਨਮ ਦਿਨ 'ਤੇ ਲਿਆ ਫ਼ੈਸਲਾ
ਚੰਡੀਗੜ੍ਹ : ਪੰਜਾਬ 'ਚ ਅੱਜ 'ਨੋ ਚਲਾਨ ਦਿਵਸ' ਹੋਵੇਗਾ। ਕਿਤੇ ਵੀ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਵਲੋਂ ਲੋਕਾਂ ਦੇ ਚਲਾਨ ਨਹੀਂ ਕੱਟੇ ਜਾਣਗੇ। ਇਹ ਪਹਿਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਮੌਕੇ 'ਤੇ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਦਿਨ ਅਧਿਕਾਰੀ ਅਤੇ ਯੂਥ ਕਾਂਗਰਸੀ ਵਰਕਰ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਜਾਂ ਘਟਾਇਆ ਜਾ ਸਕੇ।
ਇਹ ਵੀ ਪੜ੍ਹੋ : ਮਨੀਲਾ : ਘਰੇਲੂ ਸਮਾਨ ਲੈਣ ਜਾ ਰਿਹਾ ਪੰਜਾਬੀ ਮੂਲ ਦਾ ਨੌਜਵਾਨ ਗੋਲੀਆਂ ਨਾਲ ਭੁੰਨਿਆ
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਐਤਵਾਰ ਨੂੰ ਜਲੰਧਰ ਪਹੁੰਚਣਗੇ। ਉਹ ਇੱਥੇ ਬੀਐਮਸੀ ਚੌਕ ਤੋਂ ਸੜਕ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਪੰਜਾਬ ਵਿਚ 100 ਤੋਂ ਵੱਧ ਥਾਵਾਂ ’ਤੇ ਇੱਕੋ ਸਮੇਂ ਕਰਵਾਇਆ ਜਾ ਰਿਹਾ ਹੈ। ਜਲੰਧਰ ਤੋਂ ਸ਼ੁਰੂ ਹੋ ਕੇ ਪੰਜਾਬ ਭਰ ਵਿਚ ਲਾਗੂ ਕੀਤਾ ਜਾਵੇਗਾ।
ਪੰਜਾਬ ਵਿਚ ਹਰ ਸਾਲ 4 ਹਜ਼ਾਰ ਤੋਂ ਵੱਧ ਮੌਤਾਂ ਹੁੰਦੀਆਂ ਹਨ
ਪੰਜਾਬ ਵਿਚ ਸੜਕ ਹਾਦਸਿਆਂ ਵਿਚ ਚਿੰਤਾਜਨਕ ਮੌਤਾਂ ਹੋ ਰਹੀਆਂ ਹਨ। ਹਰ ਰੋਜ਼ ਔਸਤਨ 13 ਲੋਕ ਸੜਕ ਹਾਦਸਿਆਂ ਵਿਚ ਮਰਦੇ ਹਨ। ਇਹ ਖੁਲਾਸਾ ਪੰਜਾਬ ਰੋਡ ਐਕਸੀਡੈਂਟ ਐਂਡ ਟ੍ਰੈਫਿਕ ਰਿਸਰਚ ਰਿਪੋਰਟ ਤੋਂ ਹੋਇਆ ਹੈ। ਜਿਸ ਵਿਚ ਦੱਸਿਆ ਗਿਆ ਕਿ 2018 ਵਿਚ ਸੜਕ ਹਾਦਸਿਆਂ ਵਿਚ 4,725 ਲੋਕਾਂ ਦੀ ਮੌਤ ਹੋ ਗਈ ਸੀ। ਸਾਲ ਦਰ ਸਾਲ ਇਹ ਅੰਕੜਾ ਵਧਦਾ ਜਾ ਰਿਹਾ ਹੈ।