ਬਰਗਾੜੀ ਮੋਰਚੇ ਵਾਲੀ ਥਾਂ 'ਤੇ ਪੁਲਿਸ ਨੇ ਗੱਡੇ ਤੰਬੂ, ਧਾਰਾ 144 ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ....

ਬਰਗਾੜੀ ਮੋਰਚਾ

ਚੰਡੀਗੜ੍ਹ (ਭਾਸ਼ਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਤਵਾਜ਼ੀ ਜਥੇਦਾਰਾਂ ਵਲੋਂ ਬਰਗਾੜੀ ਵਿਖੇ ਲਗਾਇਆ ਮੋਰਚਾ ਭਾਵੇਂ ਚੁਕ ਦਿਤਾ ਗਿਆ ਹੈ, ਪਰ ਮੁਤਵਾਜ਼ੀ ਜਥੇਦਾਰਾਂ ਤੋਂ ਬਾਅਦ ਹੁਣ ਮੋਰਚੇ ਵਾਲੀ ਥਾਂ 'ਤੇ ਪੰਜਾਬ ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਅਪਣੇ ਤੰਬੂ ਗੱਡ ਦਿਤੇ ਹਨ। 7 ਅਕਤੂਬਰ ਨੂੰ ਇਸ ਅਸਥਾਨ 'ਤੇ ਲੋਕਾਂ ਦੇ ਹੋਏ ਭਾਰੀ ਇਕੱਠ ਨੇ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਾ ਦਿਤੀ ਸੀ। ਪਰ ਹੁਣ ਉਸੇ ਅਸਥਾਨ 'ਤੇ ਪੁਲਿਸ ਨੇ ਅਪਣਾ ਪੱਕਾ ਮੋਰਚਾ ਲਗਾ ਲਿਆ ਹੈ।

ਜਿੱਥੇ ਧਾਰਾ 144 ਲਗਾਉਣ ਦੇ ਨਾਲ-ਨਾਲ ਬਰਗਾੜੀ ਦੀ ਅਨਾਜ ਮੰਡੀ ਨੂੰ ਪੰਜਾਬ ਮੰਡੀ ਬੋਰਡ ਨੇ ਚਾਰੇ ਪਾਸੇ ਤੋਂ ਕੰਡਿਆਲੀ ਤਾਰ ਨਾਲ ਵਗਲ ਦਿਤਾ ਹੈ ਭਾਵੇਂ ਕਿ ਬਰਗਾੜੀ ਇਨਸਾਫ਼ ਮੋਰਚਾ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਇਆ ਗਿਆ ਸੀ ਪਰ ਇਸ ਨੂੰ ਬਿਨਾ ਕੋਈ ਮਕਸਦ ਹੱਲ ਹੋਣ ਦੇ ਉਠਾਏ ਜਾਣ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਸਿੱਖ ਕੌਮ ਅਤੇ ਸੰਗਤ ਨੂੰ ਭਰੋਸੇ 'ਚ ਲਏ ਬਿਨਾਂ ਮੋਰਚਾ ਉਠਾਉਣ ਦਾ ਫ਼ੈਸਲਾ ਸਿੱਖ ਸੰਗਤ ਨੂੰ ਕੁੱਝ ਠੀਕ ਨਹੀਂ ਜਾਪ ਰਿਹਾ।

ਦਸ ਦਈਏ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਹਿਬਲ ਕਲਾਂ ਵਿਖੇ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ 'ਤੇ ਪੁਲਿਸ ਨੇ ਗੋਲੀ ਚਲਾ ਦਿਤੀ ਸੀ, ਜਿਸ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਜਿਸ ਦੇ ਨਤੀਜੇ ਵਜੋਂ ਅੱਜ ਅਕਾਲੀ ਦਲ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ੈਰ, ਲੰਬਾ ਸਮਾਂ ਚੱਲਿਆ ਬਰਗਾੜੀ ਇਨਸਾਫ਼ ਮੋਰਚਾ ਅੱਗੇ ਜਾ ਕੇ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਾਵੇਗਾ। ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਸ ਮੋਰਚੇ ਨੂੰ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਜ਼ਰੂਰ ਸੁੱਖ ਦਾ ਸਾਹ ਲਿਆ ਹੈ।

Related Stories