192ਵੇਂ ਦਿਨ ਬਰਗਾੜੀ ਮੋਰਚਾ ਐਤਵਾਰ ਨੂੰ ਹੋ ਸਕਦੈ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਰੰਕਾਰੀ ਭਵਨ ਵਿਚ ਬੰਬ ਸੁੱਟਣ ਮਗਰੋਂ ਸਿੱਖ ਨੌਜਵਾਨਾਂ ਦੀ ਨਵੀਂ ਫੜੋਫੜੀ ਦੀ ਸਖ਼ਤ ਵਿਰੋਧਤਾ.......

Baljit Singh Daduwal

ਚੰਡੀਗੜ੍ਹ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ, ਬਹਿਬਲ ਕਲਾਂ ਤੇ ਬਰਗਾੜੀ ਵਿਖੇ ਗੋਲੀ ਚਲਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਬਰਗਾੜੀ ਵਿਖੇ ਲੱਗਾ ਇਨਸਾਫ਼ ਮੋਰਚਾ ਐਤਵਾਰ ਨੂੰ ਸਮਾਪਤ ਹੋ ਸਕਦਾ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਐਤਵਾਰ ਨੂੰ ਬਰਗਾੜੀ ਮੋਰਚੇ ਵਿਚ ਆ ਕੇ ਸਿੱਖ ਸੰਗਤ ਨੂੰ ਮੰਗਾਂ ਮੰਣਨ ਦਾ ਭਰੋਸਾ ਦੇਣਗੇ ਜਿਸ ਤੋਂ ਬਾਅਦ ਮੋਰਚਾ ਖ਼ਤਮ ਕਰ ਦਿਤਾ ਜਾਵੇਗਾ।

ਬਾਬਾ ਦਾਦੂਵਾਲ ਨੇ ਇਕ ਵੈੱਬ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਥੇਦਾਰ ਧਿਆਨ ਸਿੰਘ ਮੰਡ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਕਿ ਐਤਵਾਰ ਪੰਜਾਬ ਸਰਕਾਰ ਦੇ ਮੰਤਰੀ ਜਾਂ ਇਕ ਵਫ਼ਦ ਮੋਰਚੇ ਵਾਲੇ ਸਥਾਨ 'ਤੇ ਆ ਰਹੇ ਹਨ ਤੇ ਸੰਗਤ ਨੂੰ ਭਰੋਸਾ ਦੇਣਗੇ ਜਿਸ ਤੋਂ ਬਾਅਦ ਮੋਰਚਾ ਖ਼ਤਮ ਕਰ ਦਿਤਾ ਜਾਵੇਗਾ। ਦਾਦੂਵਾਲ ਨੇ ਕਿਹਾ ਕਿ ਮੰਗਾਂ ਮੰਣਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜਾਵੇਗਾ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਜਾਵੇਗਾ ।

ਅੰਮ੍ਰਿਤਸਰ ਵਿਖੇ ਨਿਰੰਕਾਰੀ ਭਵਨ ਵਿਖੇ ਬੰਬ ਸੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਨੌਜਵਾਨਾਂ ਦੀ ਗ੍ਰਿਫ਼ਤਾਰੀ ਨੂੰ ਗ਼ਲਤ ਦਸਦੇ ਹੋਏ ਦਾਦੂਵਾਲ ਨੇ ਕਿਹਾ ਕਿ ਨਿਰੰਕਾਰੀ ਭਵਨ ਦੇ ਮੌਕੇ ਦੇ ਗਵਾਹ ਦੋ ਹਿੰਦੂ ਨੌਜਵਾਨਾਂ ਵਲੋਂ ਹਮਲਾ ਕਰਨ ਦੀ ਗੱਲ ਕਰ ਰਹੇ ਹਨ ਜਦੋਂ ਕਿ ਪੁਲਿਸ ਨੇ ਕੁੱਝ ਅੰਮ੍ਰਿਤਧਾਰੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਮੌੜ ਮੰਡੀ ਦੇ ਮਾਮਲੇ ਵਿਚ ਪੁਲਿਸ ਨੇ ਅਜੇ ਤਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਉਸ ਦੀਆਂ ਤਾਰਾਂ ਸੌਦਾ ਸਾਧ ਨਾਲ ਜੁੜ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਿਥੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ ਆਉਂਦੀ ਹੈ ਉਥੇ ਪੁਲਿਸ ਦੀ ਜਾਂਚ ਸੁਸਤ ਹੋ ਜਾਂਦੀ ਹੈ ਅਤੇ ਜਿਥੇ ਸਿੱਖਾਂ ਨੂੰ ਫਸਾਉਣਾ ਹੁੰਦਾ ਹੈ ਉਥੇ ਪੁਲਸ ਤੁਰਤ ਸੁਰਾਗ ਲਗਾ ਲੈਂਦੀ ਹੈ ।

Related Stories