ਖਡੂਰ ਸਾਹਿਬ ਹਲਕੇ ਤੋਂ ਟਕਸਾਲੀਆਂ ਵਲੋਂ ਅਪਣਾ ਉਮੀਦਵਾਰ ਵਾਪਸ ਲੈਣ ’ਤੇ ਜਾਣੋ ਕੀ ਬੋਲੇ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੋ. ਸਾਧੂ ਸਿੰਘ ਵਲੋਂ ਫੰਡਿੰਗ ਦੇ ਲਗਾਏ ਗਏ ਦੋਸ਼ਾਂ ਨੂੰ ਖਹਿਰਾ ਨੇ ਸਿਰੇ ਤੋਂ ਨਾਕਾਰਿਆ

Sukhpal Khaira

ਕਪੂਰਥਲਾ: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬਠਿੰਡਾ ਲੋਕਸਭਾ ਹਲਕੇ ਤੋਂ ਉਮੀਦਵਾਰ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਖਡੂਰ ਸਾਹਿਬ ਲੋਕਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਅਪਣਾ ਉਮੀਦਵਾਰ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਿਰੋਧੀ ਧਿਰ ਹੋਰ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਐਲਾਨਣ ’ਤੇ ਵੀ ਪਾਰਟੀ ਪਲੇਟਫਾਰਮ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵਲੋਂ ਫੰਡਿੰਗ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਾਕਾਰਦੇ ਹੋਏ ਕਿਹਾ ਕਿ ਸਾਧੂ ਸਿੰਘ ਜੋ ਕਿ ਪਿਛਲੇ 5 ਸਾਲ ਬੀਮਾਰ ਰਹੇ ਪਰ ਉਨ੍ਹਾਂ ਦੇ ਮਨ ਵਿਚ ਜੋ ਵੀ ਮਨਘੜਤ ਗੱਲਾਂ ਆਉਂਦੀਆਂ ਹਨ ਉਹ ਕਹਿ ਰਹੇ ਹਨ। ਦੱਸ ਦਈਏ ਕਿ ਸਾਧੂ ਨੇ ਖਹਿਰਾ ਨੂੰ ਕਿਸੇ ਏਜੰਸੀ ਤੋਂ ਫੰਡਿੰਗ ਲੈ ਕੇ ਦੇਸ਼ ਅਤੇ ਸੂਬੇ ਵਿਰੁਧ ਕੰਮ ਕਰਨ ਦੇ ਦੋਸ਼ ਲਗਾਏ ਸਨ ਅਤੇ ਕਿਹਾ ਕਿ ਭਾਜਪਾ ਦੇ ਇਸ਼ਾਰਿਆਂ ’ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

ਕੈਪਟਨ ਦੇ ਜਲ੍ਹਿਆਂਵਾਲੇ ਬਾਗ ਨਾ ਪਹੁੰਚਣ ਉਤੇ ਖਹਿਰਾ ਨੇ ਕਿਹਾ ਕਿ ਉਹ ਕੈਪਟਨ ਦੀ ਮਜ਼ਬੂਰੀ ਸੀ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਮੁੱਖ ਮੰਤਰੀ ਹਨ ਅਤੇ ਜੇਕਰ ਉਹ ਰਾਹੁਲ ਗਾਂਧੀ ਦੇ ਨਾਲ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਅਪਣੀ ਮੁੱਖ ਮੰਤਰੀ ਦੀ ਕੁਰਸੀ ਦੇ ਹੱਥੋਂ ਜਾਣ ਦਾ ਡਰ ਸੀ।