25 ਪੁਲਿਸ ਕਰਮਚਾਰੀਆਂ ਦੀ ‘ਡੀਜੀਪੀ ਆਨਰ ਫ਼ਾਰ ਇਗਜ਼ੇਮਪਲਰੀ ਸੇਵਾ ਟੂ ਸੁਸਾਇਟੀ’ ਲਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਸਬੰਧੀ ਜੰਗ ਦੌਰਾਨ ਸਭ ਤੋਂ ਅੱਗੇ ਹੋ ਕੇ ਡਿਊਟੀ ਨਿਭਾਉਣ ਲਈ ਕੀਤੀ ਚੋਣ- ਡੀਜੀਪੀ ਗੁਪਤਾ

Photo

ਚੰਡੀਗੜ੍ਹ: ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿਚ ਕੋਵਿਡ-19 ਖ਼ਿਲਾਫ ਜੰਗ ਦੌਰਾਨ ਅੱਗੇ ਹੋ ਕਿ ਡਿਊਟੀ ਨਿਭਾਉਣ ਵਾਲੇ ਪੰਜਾਬ ਦੇ 25 ਪੁਲਿਸ ਕਰਮਚਾਰੀਆਂ ਦੀ ‘ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਫ਼ਾਰ ਇਗਜ਼ੇਮਪਲਰੀ ਸੇਵਾ ਟੂ ਸੁਸਾਇਟੀ’ ਪੁਰਸਕਾਰ ਲਈ ਚੋਣ ਕੀਤੀ ਹੈ। ਪੁਰਸਕਾਰ ਲੈਣ ਵਾਲਿਆਂ ਵਿਚ ਚਾਰ ਐਸਪੀ, ਇਕ ਏਐਸਪੀ, ਇਕ ਡੀਐਸਪੀ, ਛੇ ਇੰਸਪੈਕਟਰ, ਚਾਰ ਸਬ ਇੰਸਪੈਕਟਰ, ਤਿੰਨ ਏਐਸਆਈ, ਦੋ ਹੌਲਦਾਰ ਅਤੇ ਚਾਰ ਸਿਪਾਹੀ ਸ਼ਾਮਲ ਹਨ।

ਇਹ ਪੁਰਸਕਾਰ ਉਹਨਾਂ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਇਲਾਵਾ ਮਾਨਵਤਾ ਪੱਖੀ ਗਤੀਵਿਧੀ ਕਰਦਿਆਂ ਸ਼ਾਨਦਾਰ ਕੰਮ ਕੀਤੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਵਜੋਂ ਪੇਸ਼ ਕੀਤੇ ਗਏ ਪੁਰਸਕਾਰ ਲਈ ਪੁਲਿਸ ਕਮਿਸ਼ਨਰ ਅਤੇ ਐਸਐਸਪੀਜ਼ ਵੱਲੋਂ ਭੇਜੀਆਂ ਵੱਖ-ਵੱਖ ਨਾਮਜ਼ਦਗੀਆਂ ਵਿਚੋਂ ਉਪਰੋਕਤ ਸਾਰੇ ਕਰਮਚਾਰੀ ਚੁਣੇ ਗਏ ਹਨ।

ਮੁੱਖ ਮੰਤਰੀ ਦੇ ਸੰਕਲਪ 'ਪੰਜਾਬ ਵਿਚ ਕੋਈ ਵੀ ਭੁੱਖਾ ਨਹੀਂ ਸੌਂਵੇਗਾ' ਨੂੰ ਪੂਰਾ ਕਰਨ ਲਈ ਸੂਬੇ ਵਿਚ 45,000 ਤੋਂ ਵੱਧ ਪੁਲਿਸ ਕਰਮਚਾਰੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਸ੍ਰੀਮਤੀ ਵਤਸਲਾ ਗੁਪਤਾ, ਏਐਸਪੀ ਨਕੋਦਰ ਨੇ ਨਕੋਦਰ ਕਸਬੇ ਦੇ ਗਰੀਬ ਅਤੇ ਦੱਬੇ-ਕੁਚਲੇ, ਝੁੱਗੀ ਝੌਂਪੜੀ ਵਾਲਿਆਂ ਤੱਕ ਪਹੁੰਚ ਕਰਨ ਲਈ ਮੋਹਰੀ ਕੰਮ ਕੀਤਾ ਜਦਕਿ ਰੋਪੜ ਦੇ ਡੀਐਸਪੀ ਵਰਿੰਦਰਜੀਤ ਸਿੰਘ ਨੇ ਵਲੰਟੀਅਰਾਂ ਨੂੰ ਲਾਮਬੰਦ ਕਰਕੇ ਗਰੀਬਾਂ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ।

ਰੋਪੜ ਦੇ ਐਸਆਈ ਜਤਿਨ ਕਪੂਰ ਨੇ ਪੰਚਾਇਤਾਂ ਨੂੰ ਆਪਣੇ ਪਿੰਡਾਂ ਵਿਚ ਸਵੈ-ਇੱਛਾ ਨਾਲ ਲਾਕਡਾਊਨ ਲਈ ਪ੍ਰੇਰਿਆ। ਖਰੜ (ਮੁਹਾਲੀ) ਦੇ ਐਸਐਚਓਲ ਭਗਵੰਤ ਸਿੰਘ ਨੇ ਸ਼ੱਕੀ ਕੋਰੋਨ ਵਾਇਰਸ ਦੇ ਮਾਮਲਿਆਂ ਦੀ ਸਰਗਰਮੀ ਨਾਲ ਜਾਂਚ ਕੀਤੀ। ਇਸੇ ਤਰ੍ਹਾਂ ਐਸਬੀਐਸ ਨਗਰ ਦੇ ਐਸਆਈ ਨੀਰਜ ਚੌਧਰੀ ਨੇ ਇਕਾਂਤਵਾਸ ਵਿਚ ਰਹਿ ਰਹੇ ਕੋਰੋਨਾ ਮਰੀਜ਼ਾਂ ਦਾ ਦੌਰਾ ਕਰਨ ਦਾ ਜ਼ੋਖਿਮ ਲਿਆ ਜਦੋਂ ਕਿ ਇਹਨਾਂ ਮਰੀਜ਼ਾਂ ਨੂੰ ਮਹਾਮਾਰੀ ਮਾਹਰਾਂ ਅਤੇ ਹੋਰ ਡਾਕਟਰਾਂ ਨੇ ਸਹਿਯੋਗ ਦੇਣ ਤੋਂ ਵੀ ਮਨਾ ਕਰ ਦਿੱਤਾ ਸੀ।

ਪਠਾਨਕੋਟ ਦਾ ਐਸਆਈ ਸ਼ੋਹਰਤ ਮਾਨ ਪਠਾਨਕੋਟ ਦੇ ਲੋਕਾਂ ਦੀ ਭਲਾਈ ਲਈ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਫਤਿਹਗੜ੍ਹ  ਸਾਹਿਬ ਦੀ ਐਸ.ਆਈ. ਸ੍ਰੀਮਤੀ ਸ਼ਕੁੰਤ ਚੌਧਰੀ ਨੇ ਜ਼ੋਖਿਮ ਭਰੇ ਨਾਕੇ ਦੇ ਇੰਚਾਰਜ ਵਜੋਂ ਸ਼ਲਾਘਾਯੋਗ ਕੰਮ ਕੀਤਾ ਹੈ।