ਮੋਦੀ ਨੇ 15 ਲੋਕਾਂ ਦਾ 5 ਲੱਖ 55 ਹਜ਼ਾਰ ਕਰੋੜ ਦਾ ਕਰਜ਼ ਮਾਫ਼ ਕੀਤਾ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਅੱਜ 5 ਸਾਲ ਬਾਅਦ ਡਾ. ਮਨਮੋਹਨ ਸਿੰਘ ਦਾ ਮਜ਼ਾਕ ਨਹੀਂ ਉਡਾਉਂਦੇ, ਸਗੋਂ ਹਿੰਦੁਸਤਾਨ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ

Congress election rally at Faridkot

ਫ਼ਰੀਦਕੋਟ : ਬਰਗਾੜੀ ਪਿੰਡ ਵਿਚ ਅੱਜ ਕਾਂਗਰਸ ਪਾਰਟੀ ਨੇ ਚੋਣ ਰੈਲੀ ਕੀਤੀ। ਇਸ ਮੌਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੇ ਕਈ ਵੱਡੇ ਆਗੂ ਪਹੁੰਚੇ ਹੋਏ ਸਨ। ਰਾਹੁਲ ਗਾਂਧੀ ਨੇ ਰੈਲੀ ਸ਼ੁਰੂ ਕਰਦਿਆਂ ਸੱਭ ਤੋਂ ਪਹਿਲਾਂ ਲੋਕਾਂ ਤੋਂ 'ਚੌਕੀਦਾਰ ਚੋਰ ਹੈ' ਦੇ ਨਾਹਰੇ ਲਗਵਾਏ।

ਰਾਹੁਲ ਨੇ ਕਿਹਾ ਕਿ 5 ਸਾਲ ਪਹਿਲਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ। ਉਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ। ਉਹ 1990 'ਚ ਵਿੱਤ ਮੰਤਰੀ ਸਨ ਅਤੇ ਵਿੱਤ ਨੀਤੀ ਬਣਾਈ ਸੀ। ਮੋਦੀ ਉਸ ਸਮੇਂ ਮਨਮੋਹਨ ਸਿੰਘ ਦਾ ਮਜ਼ਾਕ ਉਡਾਉਂਦੇ ਸਨ, ਪਰ ਅੱਜ 5 ਸਾਲ ਬਾਅਦ ਮੋਦੀ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਂਦੇ। ਅੱਜ ਹਿੰਦੁਸਤਾਨ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਮੋਦੀ ਨੇ 56 ਇੰਚ ਦੀ ਛਾਤੀ ਨਾਲ ਕਿਹਾ ਸੀ ਕਿ 2 ਕਰੋੜ ਨੌਕਰੀਆਂ ਦੇਣਗੇ, 15-15 ਲੱਖ ਰੁਪਏ ਖਾਤੇ 'ਚ ਪਾਉਣਗੇ, ਪਰ ਕੁਝ ਨਹੀਂ ਹੋਇਆ। ਅੱਜ ਭਾਰਤ ਤੇ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ। 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਗਰੀਬਾਂ ਦੇ ਖ਼ਾਤਿਆਂ 'ਚ ਤਾਂ 15-15 ਲੱਖ ਰੁਪਏ ਨਹੀਂ ਪਾਏ, ਪਰ ਅਨਿਲ ਅੰਬਾਨੀ ਗਵਾਹੀ ਭਰ ਸਕਦੇ ਹਨ ਕਿ ਚੌਕੀਦਾਰ ਨੇ ਉਨ੍ਹਾਂ ਦੇ ਖ਼ਾਤੇ 'ਚ 30 ਹਜ਼ਾਰ ਕਰੋੜ ਰੁਪਏ ਪਾਏ। ਅੰਬਾਨੀ ਨੇ 45 ਹਜ਼ਾਰ ਕਰੋੜ ਦਾ ਕਰਜ਼ਾ ਬੈਂਕ ਤੋਂ ਲਿਆ। ਮੋਦੀ ਨੇ ਅੰਬਾਨੀ, ਵਿਜੇ ਮਾਲਿਆ, ਨੀਰਵ ਮੋਦੀ, ਅਡਾਨੀ ਵਰਗੇ 15 ਲੋਕਾਂ ਦਾ 5 ਲੱਖ 55 ਹਜ਼ਾਰ ਕਰੋੜ ਦਾ ਕਰਜ਼ ਮਾਫ਼ ਕੀਤਾ। ਉਨ੍ਹਾਂ ਨੇ ਆਪਣੀ ਨਿਆਂ ਯੋਜਨਾ ਦਾ ਵੀ ਵੇਰਵਾ ਦਿੱਤਾ। ਨੋਟਬੰਦੀ ਤੇ ਜੀਐਸਟੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ ਲੋਕਾਂ, ਕਾਰੋਬਾਰੀਆਂ ਤੇ ਦੁਕਾਨਦਾਰਾਂ ਦੀ ਹਾਲਤ ਬੁਰੀ ਹੋ ਗਈ। ਨੋਟਬੰਦੀ ਤੋਂ ਬਾਅਦ ਸੰਸਦ 'ਚ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਇਸ ਨਾਲ ਸਾਡੇ ਦੇਸ਼ ਦੀ ਜੀਡੀਪੀ 2 ਫੀਸਦੀ ਡਿੱਗੇਗੀ। ਡਾ. ਮਨਮੋਹਨ ਸਿੰਘ ਦੀ ਗੱਲ ਸੱਚ ਸਾਬਤ ਹੋਈ ਅਤੇ ਇਕ ਸਾਲ ਬਾਅਦ ਦੇਸ਼ ਦੀ ਜੀਡੀਪੀ ਦੋ 2 ਫ਼ੀਸਦੀ ਡਿੱਗ ਗਈ।

ਰਾਹੁਲ ਨੇ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਦੇਸ਼ ਚਲਾਉਣਾ ਚਾਹੀਦਾ ਹੈ। ਇਹ ਦੇਸ਼ ਸਾਰਿਆਂ ਦਾ ਹੈ ਤੇ ਇਸ ਨੂੰ ਕੋਈ ਇਕ ਵਿਅਕਤੀ ਨਹੀਂ ਚਲਾਉਂਦਾ, ਦੇਸ਼ ਨੂੰ ਕਰੋੜਾਂ ਲੋਕ ਚਲਾਉਂਦੇ ਹਨ। ਮੋਦੀ ਕਹਿੰਦੇ ਹਨ - ਉਹ ਦੇਸ਼ ਚਲਾਉਂਦੇ ਹਨ, ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ। ਜੇ ਨੋਟਬੰਦੀ ਤੇ ਜੀਐਸਟੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਉਹ ਡਾ. ਮਨਮੋਹਨ ਸਿੰਘ ਵਰਗੇ ਲੋਕਾਂ ਨਾਲ ਗੱਲਬਾਤ ਕਰ ਲੈਂਦੇ ਤਾਂ ਅਜਿਹਾ ਨਾ ਕਰਦੇ। ਰੈਲੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਕਾਂਗੜ, ਮੁਹੰਮਦ ਸਦੀਕ, ਆਸ਼ਾ ਕੁਮਾਰੀ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਹਨ।