ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਖਹਿਰਾ ਦੀ ਟਿਕਟ ਵਾਪਸ ਕਰ ਕੇ ਆਪਣੇ ਪਤੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਬੀਬੀ ਖਾਲੜਾ

Pic

ਚੰਡੀਗੜ੍ਹ : ਆਪਣੇ ਨਿੱਜੀ ਸਿਆਸੀ ਲਾਹੇ ਲਈ ਸੁਖਪਾਲ ਸਿੰਘ ਖਹਿਰਾ, ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਖਹਿਰਾ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਮੁੱਲ ਵੱਟਣਾ ਚਾਹੁੰਦਾ ਹੈ। ਇਹ ਦੋਸ਼ ਆਮ ਆਮਦੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਲਗਾਏ। ਤਰਨਤਾਰਨ ਵਿੱਚ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਲਈ ਪਹੁੰਚੇ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਪੀਲ ਕੀਤੀ ਕਿ ਬੀਬੀ ਖਾਲੜਾ ਵੱਲੋਂ ਆਪਣੇ ਪਤੀ ਜਸਵੰਤ ਸਿੰਘ ਖਾਲੜਾ ਲਈ ਇਹ ਸੱਚੀ ਸ਼ਰਧਾਂਜਲੀ ਹੋਵੇਗੀ, ਜੇ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਵਾਪਸ ਕਰ ਦਿੰਦੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅੱਜ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਬਲੀਦਾਨ ਦਾ ਸਿਆਸੀ ਮੁੱਲ ਵੱਟਣ ਦੀ ਤਾਕ ਵਿਚ ਹਨ, ਜਦਕਿ ਖਹਿਰਾ 1997 ਵਿੱਚ ਉਸੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਕਾਂਗਰਸ ਦੇ ਰਾਜ ਵਿਚ ਮਨੁੱਖੀ ਅਧਿਕਾਰਾਂ ਦੀ ਦਲੇਰਾਨਾ ਲੜਾਈ ਲੜ ਰਹੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਚੁੱਕ ਕੇ ਖ਼ਤਮ ਕਰ ਦਿੱਤਾ ਸੀ। ਖਾਲੜਾ ਦੇ ਬਲੀਦਾਨ ਤੋਂ ਤੁਰੰਤ ਬਾਅਦ ਕਾਂਗਰਸੀ ਬਣੇ ਖਹਿਰਾ ਦੀ ਅੱਜ 22 ਸਾਲ ਬਾਅਦ 'ਜ਼ਮੀਰ' ਕਿਵੇਂ ਜਾਗ ਪਈ? ਅਮਨ ਅਰੋੜਾ ਨੇ ਦੋ ਟੁੱਕ ਕਿਹਾ ਕਿ ਖਹਿਰਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਮੁੱਲ ਵੱਟਣਾ ਚਾਹੁੰਦਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਹੁਤ ਸਤਿਕਾਰ ਕਰਦੇ ਹਨ ਕਿਉਂਕਿ ਮਨੁੱਖੀ ਅਧਿਕਾਰਾਂ ਲਈ ਜਸਵੰਤ ਸਿੰਘ ਖਾਲੜਾ ਵੱਲੋਂ ਲੜੀ ਲੜਾਈ ਨੇ ਇਤਿਹਾਸ ਦੇ ਪੰਨਿਆਂ ਵਿੱਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਇਹੋ ਕਾਰਨ ਹੈ ਕਿ ਕੁੱਝ ਮੌਕਾਪ੍ਰਸਤ ਲੋਕ ਆਪਣੇ ਲਾਹੇ ਲਈ ਖਾਲੜਾ ਪਰਿਵਾਰ ਦੇ ਨਾਮ ਦਾ ਦੁਰਵਰਤੋਂ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਨਸਾਫ਼ ਪਸੰਦ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਨਿਜ਼ਾਮ ਦੀ ਸਿਰਜਣਾ ਕਰਨਾ ਚਾਹੁੰਦੀ ਹੈ। ਇਸ ਲਈ ਬੀਬੀ ਖਾਲੜਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ।