ਵਿਸ਼ਵ ਭਰ ਦੇ ਵੱਡੀ ਗਿਣਤੀ ਸਿੱਖ ਬੀਬੀ ਖਾਲੜਾ ਦੇ ਸਮਰਥਨ 'ਚ ਡਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦੇਸ਼ਾਂ ਤੋਂ ਵੀ ਹੋ ਰਹੀਆਂ ਬੀਬੀ ਖਾਲੜਾ ਨੂੰ ਸਮਰਥਨ ਦੀਆਂ ਅਪੀਲਾਂ

A large number of Sikhs all over the world have supported Bibi Khalra

ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਚਲਦਿਆਂ ਭਾਵੇਂ ਵੱਖ-ਵੱਖ ਉਮੀਦਵਾਰਾਂ ਨੇ ਆਪੋ-ਅਪਣੀ ਜਿੱਤ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਪਰ ਖਡੂਰ ਸਾਹਿਬ ਲੋਕਸਭਾ ਸੀਟ ਇਕ ਅਜਿਹੀ ਸੀਟ ਹੈ, ਜਿੱਥੋਂ ਇਕ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਲਈ ਪੰਜਾਬ ਵਿਚੋਂ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਬੈਠੇ ਸਿੱਖਾਂ ਵਲੋਂ ਕਾਫ਼ੀ ਜ਼ੋਰ ਲਗਾਇਆ ਜਾ ਰਿਹਾ ਹੈ। ਜ਼ੋਰ ਲਗਾਇਆ ਵੀ ਕਿਉਂ ਨਾ ਜਾਵੇ ਆਖ਼ਰ ਉਹ ਸਿੱਖ ਕੌਮ ਦੇ ਉਸ ਯੋਧੇ ਦੀ ਧਰਮ ਪਤਨੀ ਹਨ, ਜਿਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਸੀ।

84 ਵੇਲੇ ਕੋਹ-ਕੋਹ ਕੇ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਉਨ੍ਹਾਂ ਹਜ਼ਾਰਾਂ ਲਾਸ਼ਾਂ ਦਾ ਭੇਦ ਜੱਗ ਜ਼ਾਹਿਰ ਕੀਤਾ ਸੀ। ਜਿਸ ਨੂੰ ਪੁਲਿਸ ਨੇ ਅਣਪਛਾਤੀਆਂ ਕਰਾਰ ਦੇ ਕੇ ਸਾੜ ਦਿਤਾ ਸੀ। ਜਿਸ ਤਰ੍ਹਾਂ ਹਰ ਪਤੀ ਦੀ ਕਾਮਯਾਬੀ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਉਸੇ ਤਰ੍ਹਾਂ ਭਾਈ ਖਾਲੜਾ ਦੇ ਸੰਘਰਸ਼ ਪਿੱਛੇ ਵੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਹੱਲਾਸ਼ੇਰੀ ਸੀ। ਇਹੀ ਵਜ੍ਹਾ ਹੈ ਕਿ ਅੱਜ ਪੰਜਾਬ ਸਮੇਤ ਵਿਸ਼ਵ ਭਰ ਦੇ ਵੱਡੀ ਗਿਣਤੀ ਵਿਚ ਸਿੱਖਾਂ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਦੀਆਂ ਵਿਦੇਸ਼ਾਂ ਤੋਂ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਵਿਦੇਸ਼ ਬੈਠੇ ਸਿੱਖਾਂ ਦੀਆਂ ਅਪੀਲਾਂ ਦਾ ਹੀ ਅਸਰ ਹੈ ਕਿ ਟਕਸਾਲੀਆਂ ਨੇ ਬੀਬੀ ਖਾਲੜਾ ਵਿਰੁਧ ਖੜ੍ਹਾ ਕੀਤਾ ਅਪਣਾ ਉਮੀਦਵਾਰ ਵਾਪਸ ਲੈ ਲਿਆ ਹੈ। ਕੁਝ ਸਿੱਖਾਂ ਦਾ ਕਹਿਣਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਕੀਤੀ ਗਈ ਕੁਰਬਾਨੀ ਸਾਰਿਆਂ ਨੂੰ ਸਪੱਸ਼ਟ ਸਮਝ ਵਿਚ ਆਉਂਦੀ ਹੈ ਕਿਉਂਕਿ ਇਹ ਕੋਈ ਜ਼ਿਆਦਾ ਪੁਰਾਣਾ ਮਾਮਲਾ ਵੀ ਨਹੀਂ ਪਰ ਵੱਡਾ ਸਵਾਲ ਇਹ ਹੈ ਕਿ

ਕੀ ਸਿੱਖਾਂ ਦੀ ਜਮਾਤ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਾਰੇ ਪਤਾ ਨਹੀਂ ਜਾਂ ਫਿਰ ਅਕਾਲੀ ਦਲ ਉਸ ਨੂੰ ਕੁਰਬਾਨੀ ਹੀ ਨਹੀਂ ਸਮਝਦਾ? ਕੁਝ ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਕੋਲ ਇਹ ਵੱਡਾ ਮੌਕਾ ਸੀ ਜਦੋਂ ਉਹ ਬੀਬੀ ਖਾਲੜਾ ਦਾ ਸਮਰਥਨ ਕਰਕੇ ਸਿੱਖਾਂ ਦੀ ਵਾਹੋ ਵਾਹੀ ਲੈ ਸਕਦਾ ਸੀ ਪਰ ਅਕਾਲੀ ਦਲ ਨੇ ਇਸ ਦੀ ਬਜਾਏ ਬੀਬੀ ਖਾਲੜਾ ਵਿਰੁਧ ਬੀਬੀ ਜਗੀਰ ਕੌਰ ਨੂੰ ਖੜ੍ਹਾ ਕਰ ਦਿਤਾ

ਜੋ ਸਾਬਕਾ ਵਿਧਾਇਕ ਹੋਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਅਪਣੀ ਬੇਟੀ ਦੇ ਕਤਲ ਦੇ ਮਾਮਲੇ ਵਿਚ ਕੁਝ ਸਾਲ ਜੇਲ੍ਹ 'ਚ ਰਹਿਣ ਮਗਰੋਂ ਬਰੀ ਹੋ ਚੁੱਕੀ ਹੈ, ਜਾਣਕਾਰੀ ਮੁਤਾਬਕ ਉਂਝ ਆਮ ਆਦਮੀ ਪਾਰਟੀ 'ਤੇ ਵੀ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵਲੋਂ ਅਪਣਾ ਉਮੀਦਵਾਰ ਵਾਪਸ ਲਏ ਜਾਣ ਦਾ ਦਬਾਅ ਪਾਇਆ ਗਿਆ ਸੀ ਪਰ ਆਮ ਆਦਮੀ ਪਾਰਟੀ ਨੇ ਅਪਣਾ ਉਮੀਦਵਾਰ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ।

ਆਮ ਆਦਮੀ ਪਾਰਟੀ ਵਲੋਂ ਮਨਜਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ, ਜਿਸ ਦੀ ਇਕ ਲੜਕੀ ਨੂੰ ਹਰਾਸਮੈਂਟ ਕੀਤੇ ਜਾਣ ਦਾ ਵੀਡੀਓ ਪਹਿਲਾਂ ਹੀ ਵਾਇਰਲ ਹੋ ਚੁੱਕਿਆ ਅਤੇ ਹੁਣ ਉਸ ਨੇ ਅਪਣੇ ਨੇਤਾ ਕੇਜਰੀਵਾਲ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਕਰਕੇ ਸਿੱਖਾਂ ਦੀ ਨਾਰਾਜ਼ਗੀ ਸਹੇੜ ਲਈ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ ਜਸਬੀਰ ਸਿੰਘ ਡਿੰਪਾ ਨੂੰ ਖਡੂਰ ਸਾਹਿਬ ਤੋਂ ਅਪਣਾ ਉਮੀਦਵਾਰ ਐਲਾਨਿਆ ਹੈ। ਡਿੰਪਾ ਦੇ ਆਉਣ ਨਾਲ ਇਹ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ।

ਡਿੰਪਾ 2002 ਵਿਚ ਬਿਆਸ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਇਹੀ ਨਹੀਂ ਡਿੰਪਾ ਦੇ ਪਿਤਾ ਸੰਤ ਸਿੰਘ ਲੱਧੜ ਵੀ ਬਿਆਸ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਦਰਅਸਲ 1977 ਵਿਚ ਹੋਈ 6ਵੀਂ ਲੋਕ ਸਭਾ ਦੀ ਚੋਣ ਮਗਰੋਂ ਖਡੂਰ ਸਾਹਿਬ ਪਹਿਲਾ ਅਜਿਹਾ ਲੋਕ ਸਭਾ ਹਲਕਾ ਹੈ, ਜਿਸ ਵਿਚ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ ਵਿਧਾਇਕ ਚੁਣੇ ਗਏ ਸਨ।

ਡਿੰਪਾ ਨੂੰ ਇਸ ਦਾ ਵੱਡਾ ਫ਼ਾਇਦਾ ਮਿਲ ਸਕਦਾ ਹੈ, ਖ਼ੈਰ ਇਸ ਸਮੇਂ ਪੰਥਕ ਸੀਟ ਮੰਨੀ ਜਾਂਦੀ ਖਡੂਰ ਸਾਹਿਬ ਵਿਚ ਚੋਣ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਗਈਆਂ ਹਨ ਪਰ ਇਸ ਸੀਟ ਤੋਂ ਜਿੱਤ ਕਿਹੜੇ ਉਮੀਦਵਾਰ ਦੀ ਝੋਲੀ ਪੈਂਦੀ ਹੈ, ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਚੱਲ ਸਕੇਗਾ।