ਫ਼ਤਹਿਵੀਰ ਦੇ ਭੋਗ ਨੂੰ ਲੈ ਕੇ ਪਿੰਡ ਵਾਲਿਆਂ ਦਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 150 ਫੁੱਟ ਡੂੰਘੇ ਬੋਰਵੈੱਲ ਡਿੱਗਣ ਕਾਰਨ ਫ਼ਤਹਿਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ।

Fatehveer singh village won’t allow politicians at bhog

ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 150 ਫੁੱਟ ਡੂੰਘੇ ਬੋਰਵੈੱਲ ਡਿੱਗਣ ਕਾਰਨ ਫ਼ਤਹਿਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਹੁਣ ਫ਼ਤਹਿਵੀਰ ਦੇ ਰਿਸ਼ਤੇਦਾਰਾਂ ਤੇ ਭਗਵਾਨਪੁਰਾ ਦੇ ਵਸਨੀਕਾਂ ਨੇ ਐਲਾਨ ਕੀਤਾ ਹੈ ਕਿ ਫ਼ਤਹਿਵੀਰ ਸਿੰਘ ਦੇ ਭੋਗ 'ਤੇ ਕੋਈ ਵੀ ਪ੍ਰਸ਼ਾਸਨਿਕ ਅਫ਼ਸਰ ਜਾਂ ਸਿਆਸਤਦਾਨ ਹਾਜ਼ਰੀ ਨਾ ਭਰਨ। ਲੋਕਾਂ ਨੇ ਫ਼ਤਹਿਵੀਰ ਸਿੰਘ ਦੀ ਮੌਤ ਲਈ ਪ੍ਰਸ਼ਾਸਨ 'ਤੇ ਇਲਜ਼ਾਮ ਲਾਏ ਸੀ।

ਵੀਰਵਾਰ ਨੂੰ ਫ਼ਤਹਿਵੀਰ ਸਿੰਘੇ ਦੇ ਫੁੱਲ ਚੁਗੇ ਗਏ। ਇਸ ਦੌਰਾਨ ਵੀ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਸੀ। ਫ਼ਤਹਿਵੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਵਿੱਚ ਕੋਈ ਸਰਕਾਰ ਨਹੀਂ ਹੈ। ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਤੰਤਰ ਬਿਲਕੁਲ ਫੇਲ੍ਹ ਸਾਬਿਤ ਹੋਇਆ ਹੈ। ਜੇ ਇਨ੍ਹਾਂ ਨੇ ਥੋੜਾ ਵੀ ਧਿਆਨ ਦਿੱਤਾ ਹੁੰਦਾ ਤਾਂ ਅੱਜ ਸ਼ਾਇਦ ਫ਼ਤਹਿਵੀਰ ਜਿਊਂਦਾ ਹੁੰਦਾ।

ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਕਿਸੇ ਵੀ ਅਧਿਕਾਰੀ ਜਾਂ ਸਿਆਸਤਦਾਨ ਨੂੰ ਫ਼ਤਹਿਵੀਰ ਸਿੰਘ ਦੇ ਭੋਗ 'ਤੇ ਨਹੀਂ ਵੜਨ ਦੇਣਗੇ। ਇਸ ਦੌਰਾਨ ਫ਼ਤਹਿ ਦੇ ਦਾਦਾ ਜੀ ਰੋਹੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ ਦਾਦੇ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੇ ਆਪਣੇ ਵੱਲੋਂ ਫ਼ਤਹਿ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ।