ਫ਼ਤਹਿਵੀਰ ਦਾ ਕਾਤਲ ਹੈ ਅਧਰੰਗ ਮਾਰਿਆ ਸਰਕਾਰੀ ਸਿਸਟਮ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਪਟਨ ਨੈਤਿਕ ਤੌਰ ’ਤੇ ਅਸਤੀਫ਼ਾ ਦੇਣ : ਚੀਮਾ

Harpal Cheema

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੋਰਵੈਲ 'ਚ ਡਿੱਗੇ ਫਤਹਿਵੀਰ ਸਿੰਘ ਦੀ ਦੁਖਦਾਇਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਤ੍ਰਾਸਦੀ 'ਚ ਸਰਕਾਰਾਂ ਦੀ ਭੂਮਿਕਾ ਨੇ ਪੂਰੀ ਦੁਨੀਆ 'ਚ ਪੰਜਾਬ ਅਤੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਮੀਡੀਆ ਨੂੰ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕਰੀਬ 128 ਫੁੱਟ ਡੂੰਘੇ ਬੋਰਵੈਲ 'ਚ ਫਸੇ ਫਤਹਿਵੀਰ ਸਿੰਘ ਨੂੰ ਕੱਢਣ ਲਈ 6 ਦਿਨਾਂ ਤੋਂ ਵੀ ਵੱਧ ਸਮਾਂ ਤਜਰਬੇ ਕਰਨ 'ਚ ਲਗਾ ਦਿੱਤਾ ਗਿਆ

ਅਤੇ ਅੰਤ ਨੂੰ ਉਸੇ 'ਪੱਥਰ ਯੁੱਗ' ਦੇ ਤਰੀਕੇ ਨਾਲ ਕੁੰਡੀਆਂ ਫਸਾ ਕੇ ਫਤਹਿਵੀਰ ਸਿੰਘ ਨੂੰ ਕੱਢਿਆ, ਜੋ ਬੇਹੱਦ-ਨਿੰਦਣਯੋਗ ਅਤੇ ਸ਼ਰਮਨਾਕ ਕਾਰਵਾਈ ਕਹੀ ਜਾ ਸਕਦੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਧਰੰਗ ਮਾਰੇ ਸਰਕਾਰੀ ਸਿਸਟਮ ਅਤੇ ਸ਼ਾਸਕਾਂ ਦੀ ਬੇਰੁਖ਼ੀ ਨੂੰ ਇੱਕ ਮਾਸੂਮ ਦਾ ਕਤਲ ਕੀਤਾ ਹੈ। ਚੀਮਾ ਨੇ ਇਸ ਪੂਰੀ ਘਟਨਾਕ੍ਰਮ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬਚਾਅ ਅਪਰੇਸ਼ਨ ਦੌਰਾਨ ਜਿਸ-ਜਿਸ ਨੇ ਕੁਤਾਹੀ ਵਰਤੀ ਹੈ, ਉਸ ਨੂੰ ਮਿਸਾਲੀਆ ਸਜਾ ਯਕੀਨੀ ਬਣਾਈ ਜਾਵੇ।

ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬੇਰੁਖ਼ੀ ਅਤੇ ਲਾਪਰਵਾਹੀ ਮੁੱਖ ਮੰਤਰੀ ਨੇ ਵਰਤੀ ਹੈ ਉਸ ਲਈ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਵੀ ਮੌਜੂਦ ਸਨ।