ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਘਣੀਏਵਾਲਾ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੇਰੇ-ਸ਼ਾਮ ਦੱਖਣ ਵੱਲ ਹਵਾ ਚੱਲਦੀ ਹੈ ਤਾਂ ਛੱਪੜ ਦੀ ਬਦਬੂ ਘਰਾਂ ਦੇ ਅੰਦਰ ਤਕ ਆ ਜਾਂਦੀ ਹੈ

Tandrust Punjab Mission

ਰਾਜਪੁਰਾ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ ਸਪੋਕਸਨਮੈਨ ਟੀਵੀ ਦੀ ਟੀਮ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਘਣੀਏਵਾਲਾ ਪੁੱਜੀ।

ਸਪੋਕਸਮੈਨ ਦੇ ਪੱਤਰਕਾਰ ਵਿਨੇ ਜਿੰਦਲ ਨੇ ਪਿੰਡ ਘਣੀਏਵਾਲਾ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਸਾਡੇ ਪਿੰਡ ਦੀ ਸੱਭ ਤੋਂ ਵੱਡੀ ਸਮੱਸਿਆ ਛੱਪੜ ਦੀ ਹੈ। ਇਥੇ ਇੰਨੀ ਜ਼ਿਆਦਾ ਬਦਬੂ ਆਉਂਦੀ ਹੈ ਕਿ ਇਸ ਦੇ ਨੇੜੀਉਂ ਲੰਘਣ ਵਾਲੇ ਨੂੰ ਨੱਕ 'ਤੇ ਕਪੜਾ ਰੱਖਣਾ ਪੈਂਦਾ ਹੈ। ਪਿੰਡ ਦੇ ਸਾਰੇ ਘਰਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਇਸੇ ਛੱਪੜ 'ਚ ਡਿੱਗਦਾ ਹੈ। ਛੱਪੜ ਨੱਕੋ-ਨੱਕ ਭਰਿਆ ਹੋਇਆ ਹੈ। ਜਦੋਂ ਸਵੇਰੇ-ਸ਼ਾਮ ਦੱਖਣ ਵੱਲ ਹਵਾ ਚੱਲਦੀ ਹੈ ਤਾਂ ਇਸ ਦੀ ਬਦਬੂ ਘਰਾਂ ਦੇ ਅੰਦਰ ਤਕ ਆ ਜਾਂਦੀ ਹੈ। ਸਾਡਾ ਰੋਟੀ-ਪਾਣੀ ਖਾਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਜਲ ਤੇ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਛੱਪੜ ਦਾ ਪਾਣੀ ਵੱਡੇ ਨਾਲੇ 'ਚ ਸੁੱਟਣ ਲਈ 98 ਲੱਖ ਰੁਪਏ ਦੇ ਖ਼ਰਚੇ ਨਾਲ ਪਾਈਪਾਂ ਪਵਾਈਆਂ ਗਈਆਂ ਸਨ। ਛੱਪਣ ਦਾ ਪਾਣੀ ਇਥੋਂ 15 ਕਿਲੋਮੀਟਰ ਦੂਰ ਦੇਵੀਵਾਲਾ ਨਾਲੇ 'ਚ ਪਾਇਆ ਜਾਣਾ ਸੀ। ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਤਕ ਇਕ ਬੂੰਦ ਪਾਣੀ ਵੀ ਨਾਲੇ 'ਚ ਨਹੀਂ ਡਿੱਗਿਆ, ਕਿਉਂਕਿ ਪਾਈਪਾਂ ਸਹੀ ਤਰੀਕੇ ਨਾਲ ਨਹੀਂ ਪਾਈਆਂ ਗਈਆਂ। ਪਾਈਪਾਂ ਦੀ ਕੁਆਲਟੀ ਵੀ ਘਟੀਆ ਕਿਸਮ ਦੀ ਹੈ। ਪਿਛਲੇ ਸਾਲਾਂ 'ਚ ਇਥੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਗੂ ਆਏ ਅਤੇ ਉਨ੍ਹਾਂ ਨੂੰ ਇਸ ਛੱਪੜ ਦੀ ਸਮੱਸਿਆ ਬਾਰੇ ਵੀ ਦੱਸਿਆ ਗਿਆ ਪਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ। 

ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਹ ਸ਼ਾਮ ਹੁੰਦੇ ਹੀ ਘਰਾਂ ਅੰਦਰ ਬੰਦ ਹੋ ਜਾਂਦੇ ਹਨ। ਛੱਪੜ ਕਾਰਨ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਛੱਪੜ ਦੀ ਸਮੱਸਿਆ ਪਿਛਲੇ 10 ਸਾਲ ਤੋਂ ਬਣੀ ਹੋਈ ਹੈ। ਪਹਿਲਾਂ ਛੱਪੜ ਦਾ ਪਾਣੀ ਇੰਨਾ ਗੰਦਾ ਨਹੀਂ ਸੀ। ਜਦੋਂ ਤੋਂ ਲੋਕਾਂ ਦੇ ਘਰਾਂ ਦੀਆਂ ਨਾਲੀਆਂ ਅਤੇ ਸੀਵਰੇਜ਼ ਦਾ ਪਾਣੀ ਛੱਪੜ 'ਚ ਪੈ ਰਿਹਾ ਹੈ, ਉਦੋਂ ਤੋਂ ਹੀ ਬੁਰਾ ਹਾਲ ਹੋਇਆ ਪਿਆ ਹੈ। ਕੁਝ ਸਾਲ ਤਕ ਤਾਂ ਛੱਪੜ ਜ਼ਿਆਦਾ ਡੂੰਘਾ ਨਹੀਂ ਸੀ ਅਤੇ ਪਾਣੀ ਅੱਗੇ ਖੇਤਾਂ ਵੱਲ ਨਿਕਲ ਜਾਂਦਾ ਸੀ।

ਹੌਲੀ-ਹੌਲੀ ਛੱਪੜ ਹੋਰ ਡੂੰਘਾ ਹੋ ਗਿਆ ਅਤੇ ਹੁਣ ਪਾਣੀ ਖੜਾ ਰਹਿੰਦਾ ਹੈ, ਜਿਸ ਕਾਰਨ ਬਦਬੂ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਨਾਲੀਆਂ ਅਤੇ ਸੀਵਰੇਜ਼ ਦੀ ਨਿਕਾਸੀ ਦਾ ਹੋਰ ਕੋਈ ਸਾਧਨ ਨਹੀਂ ਹੈ। ਡਰੇਨ ਵਿਭਾਗ ਨੇ ਵੀ ਇਸੇ ਕਾਰਨ ਛੱਪੜ 'ਚੋਂ ਪਾਣੀ ਕੱਢਣ ਲਈ ਪਾਈਪਾਂ ਪਾਈਆਂ ਸਨ। ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਪਾਈਪਾਂ ਪਵਾਉਣ ਦਾ ਕੰਮ ਕਰਵਾਈਆ ਪਰ ਇਕ ਦਿਨ ਵੀ ਛੱਪੜ ਦਾ ਪਾਣੀ ਪਾਈਪਾਂ ਰਾਹੀਂ ਨਾਲੇ 'ਚ ਨਹੀਂ ਡਿੱਗਿਆ। ਅਧਿਕਾਰੀ ਕਦੇ ਕਹਿ ਦਿੰਦੇ ਹਨ ਕਿ ਪਾਈਪ ਇਥੋਂ ਬੰਦ ਹੈ, ਕਦੇ ਕਹਿ ਦਿੰਦੇ ਹਨ ਉੱਥੋਂ ਬੰਦ ਹੈ।

ਪਿੰਡ ਦੇ ਇਕ ਹੋਰ ਵਸਨੀਕ ਨੇ ਦੱਸਿਆ ਕਿ ਛੱਪੜ ਦੇ ਪਿਛਲੇ ਪਾਸੇ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ। ਜਦੋਂ ਕਿਸੇ ਦਾ ਸਸਕਾਰ ਕਰਨਾ ਹੁੰਦਾ ਹੈ ਤਾਂ ਉਥੇ ਹੀ ਬਦਬੂ ਕਾਰਨ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ। ਸਸਕਾਰ ਦਾ ਕੰਮ ਛੇਤੀ ਤੋਂ ਛੇਤੀ ਨਿਬੇੜਨਾ ਪੈਂਦਾ ਹੈ। ਇਸ ਤੋਂ ਇਲਾਵਾ ਛੱਪੜ ਨੇੜੇ ਹੀ ਟਰਾਂਸਫ਼ਾਰਮਰ ਵੀ ਲੱਗਿਆ ਹੋਇਆ ਹੈ। ਇਸ ਟਰਾਂਸਫ਼ਾਰਮਰ ਕਾਰਨ ਕਦੇ ਵੀ ਪਾਣੀ 'ਚ ਕਰੰਟ ਆ ਸਕਦਾ ਹੈ। ਇਸ ਬਾਰੇ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮੀਂਹ ਦੇ ਦਿਨਾਂ 'ਚ ਛੱਪੜ ਦਾ ਹਾਲ ਹੋਰ ਮਾੜਾ ਹੋ ਜਾਂਦਾ ਹੈ।

ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਇਕੱਤਰ ਹੋ ਜਾਂਦਾ ਹੈ। ਪਿੰਡ 'ਚ ਹਮੇਸ਼ਾ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਘਰ ਛੱਪੜ ਦੇ ਨੇੜੇ ਹੀ ਹੈ। ਮੀਂਹ ਪੈਣ 'ਤੇ ਪਾਣੀ ਘਰ ਦੇ ਅੰਦਰ ਵਿਹੜੇ 'ਚ ਜਮਾਂ ਹੋ ਜਾਂਦਾ ਹੈ। ਕੰਮਕਾਜ 'ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ। ਅਸੀ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਜਾਣ ਦਿੰਦੇ ਕਿਉਂਕਿ ਮੱਛਰ-ਮੱਖੀਆਂ ਕਾਰਨ ਹਮੇਸ਼ਾ ਬੀਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ। 

ਪਿੰਡ ਦੀ ਇਕ ਔਰਤ ਨੇ ਦੱਸਿਆ ਕਿ ਬੱਚਿਆਂ ਨੂੰ ਛੱਪੜ ਕਾਰਨ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਜੇ ਛੇਤੀ ਹੀ ਸਮੱਸਿਆ ਦਾ ਕੋਈ ਹੱਲ ਨਾ ਕੱਢਿਆ ਗਿਆ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਗਲਤ ਢੰਗ ਨਾਲ ਪਾਈਪਾਂ ਪਾਉਣ ਵਾਲੇ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਜਿਊਣ ਲਈ ਸਿਹਤਮੰਦ ਵਾਤਾਵਰਣ ਨਹੀਂ ਮਿਲੇਗਾ ਤਾਂ ਸਰਕਾਰ ਵੱਲੋਂ ਚਲਾਈ ਤੰਦਰੁਸਤ ਮੁਹਿੰਮ ਦਾ ਕੋਈ ਲਾਭ ਨਹੀਂ। 

ਪਿੰਡ ਦੇ ਲੋਕਾਂ ਨੇ ਅਪੀਲ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੀ ਸਮੱਸਿਆ ਨੂੰ ਦੂਰ ਕਰੇ। ਜੇ ਡਰੇਨ ਵਿਭਾਗ ਨੇ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਹ ਉਨ੍ਹਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਪੰਚਾਇਤ ਵੱਲੋਂ ਵੀ ਛੱਪੜ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮੈਂ ਇਸ ਸਮੱਸਿਆ ਦੀ ਹੱਲ ਲਈ ਤਿਆਰ ਹਾਂ ਪਰ ਜਿਹੜੇ ਬਾਕੀ ਪੰਚਾਇਤੀ ਮੈਂਬਰ ਹਨ, ਉਹ ਤਿਆਰ ਨਹੀਂ ਹਨ। ਪੰਚਾਇਤ ਕੋਲ ਸਰਕਾਰ ਵੱਲੋਂ ਮਿਲੀ ਗ੍ਰਾਂਟ ਪਈ ਹੈ। ਉਨ੍ਹਾਂ ਕਿਹਾ ਕਿ ਧੜੇਬਾਜ਼ੀ ਕਾਰਨ ਪਿੰਡ ਦਾ ਵਿਕਾਸ ਨਹੀਂ ਹੋਣ ਦਿੱਤਾ ਜਾ ਰਿਹਾ। 

ਪਿੰਡ ਘਣੀਏਵਾਲਾ ਦੀ ਸਮੱਸਿਆ ਬਾਰੇ ਐਸਡੀਐਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਬਾਰੇ ਹੁਣੇ ਮੈਨੂੰ ਧਿਆਨ ਦਿਵਾਇਆ ਗਿਆ ਹੈ। ਜ਼ਿਲ੍ਹੇ 'ਚ ਜਿੰਨੇ ਵੀ ਛੱਪੜ ਹਨ, ਉਨ੍ਹਾਂ ਸਾਰਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਮੈਂ ਇਸ ਪਿੰਡ ਦੇ ਛੱਪੜ ਦੀ ਸਮੱਸਿਆ ਬਾਰੇ ਬੀਡੀਪੀਓ ਨੂੰ ਛੇਤੀ ਕਾਰਵਾਈ ਲਈ ਕਹਾਂਗਾ। ਇਸ ਤੋਂ ਇਲਾਵਾ ਮੈਂ ਖੁਦ ਪਿੰਡ ਦਾ ਦੌਰਾ ਕਰਾਂਗਾ। ਪਾਣੀ ਦੇ ਨਿਕਾਸ ਲਈ ਸਹੀ ਪ੍ਰਬੰਧ ਕੀਤਾ ਜਾਵੇਗਾ।